ਭਾਵੇਂ ਅਸੀਂ ਮੰਗਦੇ ਤਾਂ ਨਹੀਂ, ਲੋਚਦੇ ਤਾਂ ਨਹੀਂ, ਪਰ ਮੰਗ ਭਾਵੇਂ ਨਾ ਮੰਗ, ਉਹ ਵੇਲਾ ਆ ਹੀ ਜਾਣਾ ਹੈ। ਉਹ ਵੇਲਾ ਜਿਹੜਾ ਸੰਸਾਰ ਛੱਡਣ ਵਾਲਾ ਵੇਲਾ ਆ ਹੀ ਜਾਣਾ ਹੈ।
ਠੰਢੀ ਤਾਤੀ ਮਿਟੀ ਖਾਈ॥
(ਅੰਗ ੩੭੮)
ਮੇਰੇ ਵਿੱਦਿਆ-ਦਾਤੇ ਨੇ ਇਸ ਦੇ ਅਰਥ ਕੀਤੇ ਹਨ ਕਿ ਜਿਹੜੀ ਬਾਲ ਅਵਸਥਾ ਹੁੰਦੀ ਹੈ, ਉਹ ਠੰਢੀ ਅਵਸਥਾ ਹੈ। ਸ਼ਾਂਤ ਅਵਸਥਾ ਹੈ। ਨਿਰਵੈਰ ਅਵਸਥਾ ਹੈ। ਜਦੋਂ ਜੀਵ ੨੨-੨੪ ਵਰ੍ਹਿਆਂ ਦਾ ਹੋ ਜਾਂਦਾ ਹੈ, ਉਸ ਦਿਨ ਤੱਤੀ ਅਵਸਥਾ ਹੈ। ਜਿਸ ਨੇ ਨਿਰੰਕਾਰ ਕੋਲ ਜਾਣਾ ਹੈ, ਦੋ ਕੁ ਵਰ੍ਹਿਆਂ ਨੂੰ ਮੈਂ ਮਿੱਟੀ ਹਾਂ। ਮੰਜੀ 'ਤੇ ਬੈਠ ਗਿਆ। ਜਦੋਂ ਨੱਬਿਆਂ ਦਾ ਹੋ ਜਾਏ ਤਾਂ ਫਿਰ ਮੰਜੇ 'ਤੇ ਹੀ ਰਹਿੰਦਾ ਹੈ। ਕੋਈ ਪਾਣੀ ਦੇ ਜਾਏ ਜਾਂ ਨਾ ਦੇਵੇ। ਰੋਟੀ ਦੇ ਜਾਏ ਜਾਂ ਨਾ ਦੇਵੇ। ਇਹਨਾਂ ਤਿੰਨਾਂ ਅਵਸਥਾਵਾਂ ਵਿਚ ਇਹ ਕਾਇਆ ਨਸ਼ਟ ਹੋ ਜਾਂਦੀ ਹੈ। ਕਈ ਮੌਤਾਂ ਅਜਿਹੀਆਂ ਹੁੰਦੀਆਂ ਹਨ। ਠੰਢੀ ਦਾ ਮਤਲਬ ਹੈ ਠੰਢਾ। ਪਾਣੀ ਠੰਢਾ ਹੈ। ਉਹ ਦੇਹੀਆਂ ਪਾਣੀ ਵਿਚ ਪਾਈਆਂ ਜਾਂਦੀਆਂ ਹਨ। ਰੁੜ ਜਾਂਦੀਆਂ ਹਨ। ਮਿੱਟੀ ਦਾ ਅਰਥ ਹੈ ਕਬਰ ਵਿਚ ਪਾ ਕੇ ਦੱਬ ਦੇਣਾ। ਇਸੇ ਤਰ੍ਹਾਂ ਕਾਇਆ ਨਸ਼ਟ ਹੋ ਜਾਂਦੀ ਹੈ। ਬਰਬਾਦ ਹੋ ਜਾਂਦੀ ਹੈ। ਇਸ ਨੂੰ ਸਾਂਭਣ ਵਾਲਾ ਸਾਂਭ ਦਿੰਦਾ ਹੈ। ਜਿਨ੍ਹਾਂ ਦਾ ਕੋਈ ਨਾ ਹੋਵੇ, ਉਹ ਫਿਰ ਰੁੜਦੀਆਂ ਰੁੜਦੀਆਂ ਚਲੀਆਂ ਜਾਂਦੀਆਂ ਹਨ।
ਠੰਢੀ ਤਾਤੀ ਮਿਟੀ ਖਾਈ॥
ਓਹੁ ਨ ਬਾਲਾ ਬੂਢਾ ਭਾਈ॥
(ਅੰਗ ੩੭੮)
ਇਹ ਜਿਹੜੀ ਗੱਲ ਹੈ, ਇਹ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਕੋਈ ਵੀ ਬੁਝ ਨਹੀਂ ਸਕਦਾ। ਕੋਈ ਜਾਣ ਨਹੀਂ ਸਕਦਾ। ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਨਾਲ ਪਿਆਰ ਨਹੀਂ, ਉਹ ਇਸ ਬਚਨ ਨੂੰ ਸਮਝ ਨਹੀਂ ਸਕਦੇ। ਜਿਸ ਨੂੰ ਗੁਰੂ ਦੇ ਉਪਦੇਸ਼ ਦੁਆਰਾ, ਨਾਮ ਦੁਆਰਾ, ਗੁਰੂ ਦੀ ਬਾਣੀ ਦੁਆਰਾ ਸਮਝ ਆ ਗਈ, ਉਹ ਇਸ ਅਵਸਥਾ 'ਤੇ ਪਹੁੰਚ ਕੇ ਬੇਫ਼ਿਕਰ ਹੋ ਗਿਆ।