ਸਰਕਾਰ ਕਹਿ ਰਹੇ ਹਨ- ਹੇ ਮੇਰੇ ਵਾਹਿਗੁਰੂ ! ਤੇਰੇ ਤੋਂ ਵੱਡਾ ਕੋਈ ਗੁਣ ਹੈ ਤਾਂ ਉਹ ਇਹ ਹੈ :-
ਗੁਣੁ ਏਹੋ ਹੋਰੁ ਨਾਹੀ ਕੋਇ॥
ਤੇਰੇ ਵਰਗਾ ਹੋਰ ਕੋਈ ਨਹੀਂ। ਤੇਰੇ ਸਮਾਨ ਹੋਰ ਕੋਈ ਨਹੀਂ।
ਗੁਣੁ ਏਹੋ ਹੋਰੁ ਨਾਹੀ ਕੋਇ॥
ਨਾ ਕੋ ਹੋਆ ਨਾ ਕੋ ਹੋਇ॥
(ਅੰਗ ੩੪੯)
ਤੇਰੇ ਵਰਗਾ ਹੋਰ ਕੋਈ ਵੀ ਨਹੀਂ ਹੋਇਆ। ਇਸ ਸਮੇਂ ਤੇਰੇ ਵਰਗਾ ਕੋਈ ਵੀ ਨਹੀਂ। ਨਾ ਹੀ ਅੱਗੇ ਤੇਰੇ ਵਰਗਾ ਕਿਸੇ ਨੇ ਹੋਣਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ :-
ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ
(ਅੰਗ ੫੪੯)
ਜੇਕਰ ਕੋਈ ਹੋਰ ਤੇਰੇ ਵਰਗਾ, ਤੇਰੇ ਸਮਾਨ ਕੋਈ ਦੂਜਾ ਹੋਵੇ ਤਾਂ ਫਿਰ ਕਹਿ ਸਕੀਏ-
ਤੁਧੁ ਜੇਵਡੁ ਤੂਹੈ ਹੋਈ॥
(ਅੰਗ ੫੪੯)
ਹੇ ਮੇਰੇ ਵਾਹਿਗੁਰੂ ! ਤੂੰ ਆਪਣੇ ਵਰਗਾ ਆਪ ਹੀ ਵੱਡਾ ਹੈਂ। ਹੇ ਮੇਰੇ ਵਾਹਿਗੁਰੂ :-
ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ॥
(ਅੰਗ ੮੫੮)
ਤੇਰਾ ਪ੍ਰਮਾਣ, ਤੇਰਾ ਦ੍ਰਿਸ਼ਟਾਂਤ ਕਿਸ ਨਾਲ ਦੇਈਏ ? ਜਿਹੋ ਜਿਹਾ ਤੂੰ ਆਪ ਹੈਂ, ਉਹੋ ਜਿਹਾ ਤੂੰ ਆਪ ਹੀ ਹੈਂ। ਤੇਰੇ ਵਰਗਾ ਹੋਰ ਕੋਈ ਨਹੀਂ। ਜਿਸ ਦੇ ਵਰਗਾ ਹੋਰ ਕੋਈ ਨਹੀਂ, ਉਸ ਵਾਹਿਗੁਰੂ ਦੇ ਗੁਣ ਇਸ ਰਸਨਾ ਨਾਲ ਗਾਉ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ-
ਗੋਪਾਲ ਕੋ ਜਸੁ ਗਾਉ ਪ੍ਰਾਣੀ॥
(ਅੰਗ ੮੯੭)