ਹੋਵੇ। ਕਾਰੋਬਾਰ ਲਈ ਵੀ ਧਨ ਆਪਣਾ ਹੋਵੇ, ਭਾਵੇਂ ਥੋੜਾ ਹੋਵੇ, ਭਾਵੇਂ ਬਹੁਤਾ। ਸੂਦ ਉੱਪਰ ਰਕਮ ਲੈ ਕੇ ਕੰਮ ਨਾ ਕੀਤਾ ਹੋਇਆ ਹੋਵੇ।
ਚੌਥਾ ਸੁੱਖ ਰਾਜਨੀਤੀ ਵਾਲਿਆਂ ਨੇ ਇਹ ਚੁਣਿਆ ਕਿ ਮਨ ਵਿਚ ਥੋੜਾ ਸੰਤੋਸ਼ ਵੀ ਹੋਵੇ। ਰਾਜਨੀਤੀ ਕਹਿੰਦੀ ਹੈ :-
ਆਗਿਆਕਾਰੀ ਪੁੱਤਰ ਹੋਵੇ ਅਰ ਮਿੱਠ-ਬੋਲੀ ਨਾਰ।
ਧਨ ਅਪਨੋ ਸੰਤੋਸ਼ ਮਨ ਇਹ ਚਾਰ ਸਵਰਗ ਸੰਸਾਰ।
ਇਹ ਚਾਰੇ ਚੀਜ਼ਾਂ ਸੰਸਾਰ ਵਿਚ ਸਵਰਗ ਹਨ। ਜਿਸ ਕਾਇਆ ਦੇ ਅੰਦਰ ਅਨੇਕ ਰੱਸ ਹਨ, ਉਸ ਕਾਇਆ ਦੇ ਹਿਰਦੇ ਵਿਚ ਨਾਮ ਕਿਵੇਂ ਵੱਸ ਜਾਏਗਾ? ਉਹ ਨਾਮ ਦਾ ਪੁਜਾਰੀ ਕਿਵੇਂ ਬਣ ਜਾਏ ? ਨਾਮ ਦਾ ਪੁਜਾਰੀ ਤਾਂ ਉਦੋਂ ਹੀ ਬਣਿਆ ਜਾਏਗਾ ਜਦੋਂ ਦੁਨੀਆਂ ਦੇ ਰੱਸ ਫਿੱਕੇ ਲੱਗਣਗੇ ਅਤੇ ਵਾਹਿਗੁਰੂ ਦੇ ਨਾਮ ਦਾ ਰੱਸ ਮਿੱਠਾ ਲੱਗੇਗਾ। ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਭੁੱਲ ਗਿਆ, ਜਿਨ੍ਹਾਂ ਨੂੰ ਸਤਿਗੁਰੂ ਭੁੱਲ ਗਿਆ, ਜਿਨ੍ਹਾਂ ਨੂੰ ਸਤਿਸੰਗਤ ਭੁੱਲ ਗਈ, ਉਹਨਾਂ ਨੂੰ ਕੋਈ ਵੀ ਨਹੀਂ ਪੁੱਛਦਾ। ਸਤਿਗੁਰੂ ਕ੍ਰਿਪਾ ਕਰੇ ਅਤੇ ਵਾਹਿਗੁਰੂ ਤੇਰੇ ਅੰਦਰ ਵੱਸਦਾ ਰਹੇ। ਸਤਿਗੁਰੂ ਕਹਿੰਦੇ ਹਨ- ਸਿੱਖਾ ! ਭਾਵੇਂ ਤੇਰਾ ਘਰ ਸੋਨੇ ਦਾ ਹੋਵੇ, ਸੋਨੇ ਦੀਆਂ ਕੰਧਾਂ ਹੋਣ, ਸੋਨੇ ਦੀ ਛੱਤ ਹੋਵੇ। ਤੇਰੇ ਸੋਨੇ ਦੇ ਘਰ ਵਿਚ ਚੰਦਨ ਦੀ ਖ਼ੁਸ਼ਬੂ ੨੪ ਘੰਟੇ ਮਹਿਕਦੀ ਰਹੇ। ਤੇਰੇ ਘਰ ਦੀਆਂ ਸੋਨੇ ਦੀਆਂ ਕੰਧਾਂ ਹੋਣ ਅਤੇ ਫ਼ਰਸ਼ ਵਿਚ ਮੋਤੀ ਲਾਏ ਹੋਏ ਹੋਣ। ਹੀਰੇ ਲਾਏ ਹੋਏ ਹੋਣ। ਦੀਵੇ ਲਾਏ ਹੋਏ ਹੋਣ। ਤੇਰਾ ਦੀਵਾ ਜਗਮਗ ਜਗਮਗ ਕਰੇ। ਤੇਰਾ ਘਰ ਇੰਨਾ ਸੋਹਣਾ ਹੋਵੇ ਕਿ ਭੁੱਲ ਜਾਏ ਲੋਕਾਂ ਨੂੰ ਜੱਨਤ, ਭੁੱਲ ਜਾਏ ਲੋਕਾਂ ਨੂੰ ਸਵਰਗ, ਭੁੱਲ ਜਾਏ ਲੋਕਾਂ ਨੂੰ ਸਵਰਗਪੁਰੀ। ਸੋਨੇ ਦੇ ਘਰ ਵਿਚ ਬੈਠਾ ਹੋਇਆ ਤੂੰ ਇੰਨੇ ਸੁੱਖ ਮਾਣਦਾ ਹੋਵੇਂ ਜਿਵੇਂ ਤੇਰੇ ਮਨ ਦੀ ਇੱਛਾ ਹੋਵੇ। ਸਿੱਖਾ ! ਫਿਰ ਤੇਰੀ ਕਾਇਆ ਨੂੰ ਕੋਈ ਦੁੱਖ ਦਰਦ, ਫੋੜਾ, ਫਿਨਸੀ, ਰੋਗ ਕੁਝ ਵੀ ਨਾ ਹੋਵੇ। ਕਾਇਆ ਤੇਰੀ ਕੰਚਨ ਵਰਗੀ ਨੌ-ਬਰ-ਨੌ ਹੋਵੇ। ਤੈਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ। ਇੰਨਾ ਕੁਝ ਪਾ ਕੇ ਵੀ ਜੇ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਇਆ ਤਾਂ ਆਪਣੇ ਆਪ ਨੂੰ ਬੰਦਾ ਨਾ ਸਮਝੀਂ, ਸਗੋਂ ਇਹ ਸਮਝੀਂ ਕਿ ਮੈਂ ਬਿਸਟੇ ਦਾ ਕੀੜਾ ਹਾਂ। ਮੈਂ ਇਕ ਗੰਦਗੀ ਦਾ ਕੀੜਾ ਹਾਂ।