"ਵਿੱਛੁੜੀ ਰੂਹ" ਇਸੇ ਤਰ੍ਹਾਂ ਦੇ ਇਕ ਹੋਰ ਸੁਪਨੇ ਵਿਚ ਸੁੱਚੀ ਕਵਿਤਾ ਦੀ ਯਾਦ ਰਹਿ ਗਈ ਬਾਕੀ ਹੈ, ਇਨ੍ਹਾਂ ਦੋਹਾਂ ਸਤਰਾਂ ਵਿਚ ਇਕ ਪ੍ਰਭੁਤਾ-ਜੋਤੀ ਫ਼ਰਿਸ਼ਤਾ-ਮੂਰਤੀ ਕੋਈ ਸੁੰਦਰੀ ਅਜੀਬ ਵੈਰਾਗ੍ਯ ਤੇ ਪਿਆਰ ਦੀ ਤੀਖਣ ਤੀਬਤਾ ਵਿਚ ਆਪਣੇ ਪ੍ਰੀਤਮ ਦੀ 'ਪਿਆਰ-ਦ੍ਰਵਤਾ ਨੂੰ ਯਾਦ ਕਰ ਰਹੀ ਹੈ, ਕਹਿੰਦੀ ਹੈ ਮਾਲਾ (ਮੋਤੀਆਂ ਦੀ) ਹੇ ਪਿਆਰੇ ਤੇਰੇ ਗਲ ਵਿਚ ਹੈ ਤੇ ਮੋਤੀਆਂ ਵਿਚ ਆਬ (ਪਾਣੀ) ਹੈ।
ਪਰ ਮੈਂ ਬਿਨ ਪਾਣੀ ਕੁਮਲਾ ਰਹੀ ਹਾਂ।
ਵੇ ਮਾਹੀਆ! ਗਲੇ ਤੇਰੇ ਗਾਨੀਆਂ।
(ਓਹ ਮੇਰੇ ਲਈ ਤੇਰੇ ਅੱਖਾਂ ਦੇ ਪਿਆਰ ਅੱਥਰੂ ਹੁਣ ਮੋਤੀ ਬਣ ਮਾਲਾ ਬਣ ਗਏ ਹਨ), ਰੋਵਾਂ ਪਾਣੀ ਨੂੰ (ਪਾਣੀ ਮੋਤੀਅ ਦਾ ਹੈ ਪਰ ਮੇਰੇ ਕਿਸ ਕੰਮ), (ਬਿਨਾ ਤੇਰੇ ਪਿਆਰ ਦੇ) ਕੁਮਲਾਨੀ ਜਾਨੀਆਂ।
'ਵਿੱਛੁੜੀ ਕੂੰਜ' ਵਿਚ ਰੂਹਾਨੀ ਵਲੈਤਾਂ ਦਾ ਝਾਂਵਲਾਂ ਤੇ ਉਨ੍ਹਾਂ ਵਤਨਾਂ ਦੀ ਪ੍ਰੀਤ ਤੇ ਵਿਛੋੜਾ ਤੇ ਮੰਦਾ ਲੱਗਣਾ (ਵੈਰਾਗ) ਤੇ ਦਰਦ ਅਨੰਤ ਸੰਖੇਪਤਾ ਵਿਚ ਭਰਿਆ ਪਿਆ ਹੈ। ਮੁੜ ਉਸੀ ਦਰਦ ਨੂੰ ਮਨਮੋਹਣੀ ਅਦਾ ਨਾਲ ਤਾਰ ਲਟਕੇ ਹੋਏ ਮੀਂਹ ਦੇ ਤੁਪਕੇ ਦੇ ਮੂੰਹ "ਕੋਈ ਹਰਿਆ ਬੂਟ ਰਹਿਓ ਰੀਂ" ਦੀ ਕਵਿਤਾ ਵਿਚ ਪਾਇਆ ਹੈ:-