ਅਨੰਤ ਦੀ ਛੁਹ।
ਹੇ ਅਨੰਤ! ਇਕ ਛੁਹ ਤੁਹਾਡੀ ਨੂੰ
ਦਿਲ ਮੰਗਦਾ ਨਹਿ ਰਜਦਾ,
ਛੁਹ ਤੁਹਾਡੀਂ ਦਾ ਕਹਿਰ ਵਿਛੋੜਾ,
ਸੇਲੇ ਵਾਂਙੂ ਵਜਦਾ
ਚਸ਼ਮੇਂ ਨੂੰ ਜਿਉਂ ਛੋਹ ਗ਼ੈਬ ਦੀ
ਮਿਲੀ, ਪਿਆ ਨਿਤ ਖੇਡੇ
'ਛੁਹ ਅਪਣੀਂ ਦੀ ਗੋਦ ਖਿਡਾ ਤਿਉਂ-
ਮਾਂ ਨੂੰ ਇਹ ਕੁਛ ਫਬਦਾ।
ਮੇਰੀ ਜਿੰਦੇ!
ਤੇਰਾ ਥਾਉ ਕਿਸੇ ਨਦੀ ਦੇ ਕਿਨਾਰੇ,
ਤੇਰਾ ਥਾਉਂ ਕਿਸੇ ਜੰਗਲ ਬੇਲੇ,
ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉਡਣਾ,
ਤੇ ਗਾਦਿਆਂ ਫਿਰਨ ਅਕੇਲੇ,
ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ,
ਤੂੰ ਆਪੇ ਆਪੇ ਨਾਲ ਖੇਲੇਂ
ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ,
ਤੇਰੇ ਚਾਰ ਚੁਫੇਰੇ ਝਮੇਲੇ?