ਪ੍ਰੇਮ ਤਰੰਗੀਂ।
ਪੁੰਨਿਆ ਨੂੰ ਸ਼ਹੁ ਸਾਗਰ ਉਛਲੇ
ਤਾਂਘ ਅਰਸ਼ ਦੀ ਕਰਦਾ,
ਦੂਰ ਵਸੇਂਦੇ ਸੁਹਣੇ* ਵੱਲੇ
ਉਮਲ ਉਮਲ ਜੀ ਭਰਦਾ,
ਜਿਉਂ ਜਿਉਂ ਪਰ ਉਸ ਲਗੇ ਚਾਂਦਨੀ
ਤਿਉਂ ਤਿਉਂ ਕੀ ਉਹ ਦੇਖੇ ?
ਪ੍ਰੀਤਮ ਦਾ ਦਿਲ ਪ੍ਰੇਮ ਤਰੰਗੀਂ
ਦਾਨ ਉਛਾਲੇ ਕਰਦਾ।
ਵੱਧ ਪ੍ਯਾਰ ਵਿੱਚ-ਪ੍ਰੀਤਮ।
ਸਿਕਦਾ ਸਿਕਦਾ ਵੱਛਾ ਛੁਟਿਆ
ਧਾ ਅੰਮੀਂ ਵਲ ਆਇਆ,
ਅੰਮੀਂ ਉਸ ਤੋਂ ਵੱਧ ਪਿਆਰੇ
ਤੁੱਠ ਤੁੱਠ ਲਾਡ ਲਡਾਇਆ।
ਸਿੱਕਦੀ ਨਦੀ ਜਾਲ ਜੱਫਰਾਂ
ਜਦ ਸ਼ਹੁ ਸਾਗਰ ਪਹੁੰਚੀ,
ਉਸ ਤੋਂ ਵੱਧ ਪ੍ਯਾਰ ਵਿਚ ਸਾਗਰ
ਮਿਲਨ ਅਗਾਹਾਂ ਧਾਇਆ।