ਉਡਾਰ ਪ੍ਰੀਤਮ ਨੂੰ ਅਥਰੂ :-
ਨੈਣਾ ਦੇ ਵਿਚ ਰੂੰ ਨ ਸੁਖਾਵੇ,
ਅਸੀਂ ਨੈਣਾ ਵਾਸ ਵਸਾਏ,
ਤੁਸੀਂ ਸੁਖਾਏ ਸਾਥੋਂ ਬਹੁਤੇ-
'ਅਖ-ਪੁਤਲੀ ਨੇ ਅੰਕ ਸਮਾਏ?
ਤੁਸੀਂ ਉਡਾਰ ਟਿਕ ਬਹੋ ਨ ਪੁਤਲੀ,
ਜਿਉਂ ਪੰਛੀ ਆਲ੍ਹਕ੍ਯੋਂ ਉੱਡੇ-
ਨੈਣਾਂ ਨੇ ਅਸੀਂ ਮਗਰ ਤੁਸਾਡੇ
ਹੁਣ ਢੂੰਡਣ ਬਾਹਰ ਘਲਾਏ।
ਛੁਹਾਰਾ :-
ਮੂੰਹ ਅੱਡੀ ਅਰਸ਼ਾਂ ਵਲ ਤਕੀਏ
(ਇਕ) ਬੂੰਦ ਨ ਕੋਈ ਪਾਵੇ
ਜਦੋਂ ਅਸਾਂ ਵਿਚ ਆ ਗਿਆ ਕੋਈ
ਆ ਉਹ ਛਹਿਬਰ ਲਾਵੇ,-
ਤਦੋਂ ਅਸੀਂ ਹੋ ਦਾਤੇ ਵਸੀਏ
ਠੰਢ ਸੁਹਾਵਾਂ ਵਾਲੇ,-
ਕਿਧਰੋਂ, ਕੌਣ, ਕਦੋਂ, ਦੱਸ ਸਖੀਏ!
ਕਿਤ ਗੁਣ ਉਹ ਕੁਈ ਆਵੇ?