ਫੁੱਲ ਤੇ ਯੋਗੀ।
ਖਿੜੇ ਫੁਲ ਨੂੰ ਧ੍ਯਾਨੀ ਸੀ ਇਕ
ਧ੍ਯਾਨ ਨਾਲ ਪ੍ਯਾ ਭਰਦਾ
ਅਸਾਂ ਪੁੱਛਿਆ, "ਜੁੜੇ ਮਨਾ ਤੂੰ,
ਕਿਉਂ ਪ੍ਯਾ ਇਸਤੇ ਮਰਦਾ ?"
ਕਹਿਣ ਲਗਾ: "ਮੈਂ ਸੁਣਨੀਆਂ ਚਾਹਾਂ
ਇਸ ਦੇ ਦਿਲ ਦੀਆਂ ਗੱਲਾ,
"ਇਸ ਲਈ ਇਸਨੂੰ ਜੀਭ ਲਾਣ ਦਾ
ਜਤਨ ਪਿਆ ਹਾਂ ਕਰਦਾ।"
ਯੋਗੀ ਧਆਨ ਧਰੇਂਦਾ ਹੁੱਟਾ
ਪਰ ਫੁਲ ਜੀਭ ਨ ਪਾਈ,
'ਜੀਭ-ਚੁੱਪ ਤਾਂ ਬੋਲ ਰਹੀ ਸੀ
ਜੋਗੀ ਨੂੰ ਨ ਦਿਸਾਈ।
ਕੂਕ ਕੂਕ ਸੁਹਣਾ ਕ੍ਯਾ ਆਖੇ:
"ਤਨ ਮਨ ਮੇਰਾ ਖੇੜਾ,
"ਖਿੜਨ ਖਿੜਾਵਨ ਬਾਝੋਂ ਸਾਨੂੰ,
ਹੋਰ ਸੁਰਤ ਨਹਿਂ ਕਾਈ।"