ਅਵਾਂਤੀ ਪੂਰੇ ਦੇ ਖੰਡਰ*।
ਅਵਾਤੀ ਪੂਰਾ ਕੀ ਰਹਿ ਗ੍ਯਾ ਬਾਕੀ,
ਦੋ ਮੰਦਰਾਂ ਦੇ ਢੇਰ,
ਬੀਤ ਚੁਕੀ ਸਭ੍ਯਤਾ ਦੇ ਖੰਡਰ,
ਦਸਦੇ ਸਮੇਂ ਦੇ ਫੇਰ
ਸਾਖੀ ਭਰ ਰਹੇ ਓਸ ਅੱਖ ਦੀ
ਜਿਸ ਵਿਚ ਮੋਤੀਆ-ਬਿੰਦ,
ਹੁਨਰ ਪਛਾਣਨ ਵੱਲੋਂ ਛਾਇਆ,
ਗੁਣ ਦੀ ਰਹੀ ਨ ਜਿੰਦ।
'ਜੋਸ਼ ਮਜ਼ਹਬ ਤੇ 'ਕਦਰ-ਹੁਨਰ ਦੀ
ਰਹੀ ਨ ਠੀਕ ਤਮੀਜ਼,
ਰਾਜ਼ੀ ਕਰਦੇ ਹੋਰਾਂ ਤਾਂਈ
ਆਪੂੰ ਬਣੇ ਮਰੀਜ਼।
ਬੁਤ ਪੂਜਾ? 'ਬੁਤ ਫੇਰ ਹੋ ਪਏ
ਹੁਨਰ ਨ ਪਰਤ੍ਯਾ ਹਾਇ !
ਮਰ ਮਰ ਕੇ ਬੁਤਂ ਫੇਰ ਉਗਮ ਪਏ,
ਗੁਣ ਨੂੰ ਕੌਣ ਜਿਵਾਇ?