ਪਰਬਤ ਟਿੱਬੇ ਅਤੇ ਕਰੇਵੇ
ਵਿਚ ਮੈਦਾਨ ਸੁਹਾਇਆ-
ਚਸਮੇਂ, ਨਾਲੇ, ਨਦੀਆਂ, ਝੀਲਾ
ਨਿੱਕੇ ਜਿਵੇਂ ਸਮੁੰਦਰ,
ਠੰਢੀਆਂ ਛਾਵਾਂ, ਮਿਠੀਆਂ ਹ੍ਵਾਂਵਾਂ,
ਬਨ ਬਾਗਾਂ ਜਿਹੇ ਸੁੰਦਰ,
ਬਰਫ਼ਾਂ, ਮੀਂਹ, ਧੁੱਪਾਂ ਤੇ ਬੱਦਲ
ਰੁੱਤਾਂ ਮੇਵੇ ਪ੍ਯਾਰੇ,
ਅਰਸ਼ੀ ਨਾਲ ਨਜ਼ਾਰੇ ਆਏ
ਉਸ ਮੁੱਠੀ ਵਿਚ ਸਾਰੇ।
ਸੁਹਣੀ ਨੇ ਅਸਮਾਨ ਖੜਕੇ
ਧਰਤੀ ਵੱਲ ਤਕਾਕੇ,
ਇਕ ਮੁੱਠੀ ਖੁਹਲੀ ਤੇ ਸੁਟਿਆ
ਸਭ ਕੁਛ ਹੇਠ ਤਕਾਕੇ ।
ਜਿਸ ਥਾਂਵੇਂ ਧਰਤੀ ਤੇ ਆ ਕੇ
ਇਹ ਮੁਠ ਡਿੱਗੀ ਸਾਰੀ,-
ਓਸ ਥਾਉਂ 'ਕਸ਼ਮੀਰ ਬਣ ਗਿਆ,
ਟੁਕੜੀ ਜਗ ਤੋਂ ਨਯਾਰੀ ।
ਹੈ ਧਰਤੀ ਪਰ ਛੁਹ ਅਸਮਾਨੀਂ
ਸੁੰਦਰਤਾ ਵਿਚ ਲਿਸ਼ਕੇ,
ਧਰਤੀ ਦੇ ਰਸ, ਸ੍ਵਾਦ, ਨਜ਼ਾਰੇ,
'ਰਮਜ਼ ਅਰਸ਼' ਦੀ ਚਸਕੇ।