ਫਿਰ ਕੁਝ ਕਦਮਾ ਲੰਘ ਹੇਠਾਂ ਜਾਂਵਦਾ
ਵਿਚ ਫੁਹਾਰਿਆ ਜਾਇ ਉੱਪਰ ਆਵਦਾ
ਕਲਾ-ਬਾਜ਼ੀਆਂ ਲਾਇ ਉਛਲੇ ਖੇਡਦਾ
ਲਾਵੇ ਡਾਢਾ ਜ਼ੋਰ ਪਹਿਲ ਉਚਾਣ ਨੂੰ:
ਪਹੁੰਚਾ ਮਾਰ ਉਛਾਲ ਪਰ ਖਿਚ ਰੋਕਦੀ
ਉੱਚਾ ਜਾਂਦਾ 'ਖਿਚ ਫਿਰ ਲੈ ਡੇਗਦੀ-
ਉਛਲ ਗਿਰਨ ਦਾ ਨਾਚ ਹੈਵੇ ਹੋ ਰਿਹਾ।
ਵਿੱਚ ਵਿਚਾਲ ਅਜੀਬ ਬਾਰਾਂ-ਦਰੀ ਹੈ,
ਸ਼ਾਮ ਰੰਗ ਦਾ ਸੰਗ ਜਿਸ ਤੋਂ ਬਣੀ ਹੈ।
ਇਸ ਦੇ ਚਾਰ ਚੁਫੇਰ ਪਾਣੀ ਖੇਡਦਾ।
ਉਠਣ ਡਿਗਣ ਦਾ ਨਾਚ ਨਾਲੇ ਰਾਗ ਹੈ,
ਮਾਨੇਂ ਸਾਵਣ-ਮੀਂਹ ਹੈਵੇ ਪੈ ਰਿਹਾ,
ਉਹ ਅਸਮਾਨੋਂ ਡਿੱਗ ਹੇਠਾਂ ਆਂਵਦਾ,
ਇਹ ਹੇਠੋਂ ਰਾਹ ਪਾੜ ਉੱਛਲ ਵੱਸਦਾ।
ਇਸ ਦੀ ਧੁਨਿ ਸੰਗੀਤ ਚਮਕ ਸੁਹਾਵਣੀ,-
ਬੈਠਯਾਂ ਇਸ ਵਿਚਕਾਰ ਝੂਟੇ ਦੇਂਵਦੀ,
ਕੁਦਰਤ ਮਾਨੋਂ ਆਪ ਨੱਚ ਰਹੀ ਨਾਚ ਹੈ ।
ਇਹ ਰੰਗ ਰਾਗ ਅਪਾਰ ਦਸਕੇ ਨੀਰ ਜੀ,
ਫਿਰ ਅੱਗੇ ਨੂੰ ਜਾਇ ਹੇਠਾਂ ਤਿਲਕਦੇ ।