

ਇੱਛਾ ਬਲ।
ਪਰਬਤ ਗੋਦੇਂ ਨੀਰ ਨਿਕਲ੍ਯਾ ਖੇਡਦਾ, ਚਮਕੇ ਵਾਂਗ ਬਲੌਰ ਜਾਂਦਾ ਦੌੜਦਾ, ਵਿਚ ਫੁਹਾਰਿਆਂ ਹੋਇ ਛਹਿਬਰ ਲਾਂਵਦਾ, ਨਹਿਰਾਂ ਦੇ ਵਿਚਕਾਰ ਜਾਂਦਾ ਗਾਂਵਦਾ, ਬੂਯਾਂ ਫੁੱਲਾਂ ਨਾਲ ਕਰਦਾ ਪ੍ਯਾਰ ਹੈ। ਉਲਟ-ਬਾਜ਼ੀਆਂ ਲਾਇ ਸੁਹਣੇ ਝਰਨਿਓਂ ਉਛਲੇ ਬਾਗੋਂ ਬਾਹਰ ਡਿਗਦਾ ਗਾਉਂਦਾ: ਕਰਦਾ ਨਹੀਂ ਅਰਾਮ ਤੁਰਿਆ ਜਾ ਰਿਹਾ। ਪੰਛੀ ਕਈ ਕਲੋਲ ਏਥੇ ਕਰ ਗਏ, ਸ਼ਾਹਨ-ਸ਼ਾਹ ਅਮੀਰ ਬੋਲੀਆਂ ਪਾ ਗਏ, ਕੰਗਲੇ ਕਈ ਗਰੀਬ ਸੁਖ ਆ ਲੈ ਗਏ, ਨਾ ਟਿਕਿਆ ਏ ਨੀਰ ਨਾ ਟਿਕਿਆ ਤਿਰੇ ਤੀਰ ਆਯਾ ਟੁਰ ਗਿਆ ਕੋਇ ਭਿ ਆਇਕੇ । ਪਲਕ ਝਲਕ ਦੇ ਮੇਲ ਦੁਨੀਆਂ ਹੋ ਰਹੇ, ਖੇਲ ਅਖਾੜਾ ਏਹ ਕੂਚ ਮੁਕਾਮ ਹੈ, ਚੱਲਣ ਦੀ ਇਹ ਥਾਉਂ ਪਲ ਭਰ ਅਟਕਣਾ ਚਲੋ ਚਲੀ ਦੀ ਸੱਦ ਹੈਵੇ ਆ ਰਹੀ, ਝਲਕੇ ਸੁਹਣੇ ਨੈਇ ਦੇਂਦੀ ਜਾ ਰਹੀ।