

ਇੱਛਾ ਬਲ ਦੇ ਚਨਾਰ ਤੇ ਨੂਰ ਜਹਾਂ ।
-ਕਿਸੇ ਸੁੰਦਰੀ ਦੇ ਹੱਥ ਲਾਉਣ ਤੇ -
ਤੇਰੇ ਜਿਹੀਆਂ ਕਈ ਵੇਰ ਆ
ਹੱਥ ਅਸਾਂ ਨੂੰ ਲਾਏ,
ਪ੍ਯਾਰ ਲੈਣ ਨੂੰ ਜੀ ਕਰ ਆਵੇ
ਉਛਾਲ ਕਲੇਜਾ ਖਾਏ,-
ਪਰ ਉਹ ਪ੍ਯਾਰ ਸੁਆਦ ਨ ਵਸਦਾ
ਹੋਰ ਕਿਸੇ ਹਥ ਅੰਦਰ,
ਨੂਰ ਜਹਾਂ! ਜੋ ਛੁਹ ਤੇਰੀ ਨੇ
ਸਾਨੂੰ ਲਾਡ ਲਡਾਏ॥
ਚਸ਼ਮਾਂ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ ।
ਪ੍ਰਸ਼ਨ-
ਸੰਝ ਹੋਈ ਪਰਛਾਵੇਂ ਛੁਪ ਗਏ
ਕਿਉਂ ਇੱਛਾ ਬਲ ਤੂੰ ਜਾਰੀ ?
ਨੈਂ ਸਰੋਦ ਕਰ ਰਹੀ ਉਵੇਂ ਹੀ
ਤੇ ਟੁਰਨੋਂ ਬੀ ਨਹਿ ਹਾਰੀ,
ਸੇਲਾਨੀ ਤੇ ਪੰਛੀ ਮਾਲੀ
ਹਨ ਸਭ ਅਰਾਮ ਵਿਚ ਆਏ,
ਸਹਿਮ ਸ੍ਵਾਦਲਾ ਛਾ ਰਿਹਾ ਸਾਰੇ
ਤੇ ਕੁਦਰਤ ਟਿਕ ਗਈ ਸਾਰੀ