

ਚਸਮੇ ਦਾ ਉੱਤਰ -
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਓ ਕਰ ਅਰਾਮ ਨਹੀਂ ਬਹਿਂਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ?
ਓ ਦਿਨੇ ਰਾਤ ਪਏ ਵਹਿਂਦੇ।
ਇਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਉਨ੍ਹਾਂ ਦੀ,-
ਵਸਲੋਂ ਉਰੇ ਮੁਕਾਮ ਨ ਕੋਈ,
ਸੋ ਚਾਲ ਪਏ ਨਿਤ ਰਹਿਂਦੇ।
ਚਸ਼ਮਾਂ ਕੁੱਕੜ ਨਾਗ ।
ਲਟਬਉਰਾ ਪਰਬਤ ਦੇ ਕੁੱਖੋਂ
ਤੂੰ ਖੇਡੰਦੜਾ ਆਇਆ,
ਵਾਂਗ ਬਲੌਰ ਚਮਕਦਾ ਸੀਤਲ
ਨੀਰ ਚਮਕਦਾ ਗ੍ਯਾਇਆ,
ਗੀਟਿਆਂ ਨਾਲ ਖੇਡਦਾ ਨਚਦਾ
ਬੂਟੀਆਂ ਦੇ ਗਲ ਲਗਦਾ,
ਮਿੱਠਾ ਨਾਦ ਕਰੇਂਦਾ ਜਾਂਦਾ
ਰੌ ਜਿੱਧਰ ਦਾ ਆਇਆ।