

ਰੈਣ ਬਸੇਰੇ ।
ਪਰੀ ਮਹਿਲ ਤੋਂ ਹੇਠ ਉਰਲੇ ਪਰਬਤੀਂ,
ਚਸ਼ਮਾਂ ਨਿੱਕਾ ਸਾਫ ਹੇਠਾਂ ਜ੍ਯੇਸ਼ਠਾ,
ਇਸ ਤੋਂ ਹੇਠਾਂ ਵਾਰ ਸੁਹਣੇ ਬੰਗਲੇ,
ਆਦਰ ਕਰ ਕਸ਼ਮੀਰ ਸਾਨੂੰ ਰੱਖਿਆ।
ਡਲ ਜੀ ਦੇ ਦੀਦਾਰ ਹੇਠਾਂ ਹੋਂਵਦੇ,
ਖੜੇ ਸਫੈਦੇ ਸਾਫ ਝੂੰਮਾਂ ਦੇ ਰਹੇ,
ਖੇਤੀਆਂ ਨਾਲੇ ਬਾਗ਼ ਸਫੈਦੇ ਹਿਲ ਰਹੇ,
ਪੈਲਾਂ ਪਾਣ ਚਕੋਰ ਪਰਬਤ ਵੱਖੀਆਂ,
'ਬਨ ਪਸ਼ੂਆਂ ਚਿਹਚੱਕ ਰਾਤੀਂ ਸੁਣੀਂਦੀ ।
ਪਿੱਛੇ ਖੜੇ ਪਹਾੜ, ਨਿਰਜਨ ਸੁੰਦਰਤਾ,
ਸ਼ਾਂ ਸ਼ਾਂ ਦਾ ਸੰਗੀਤ ਕੰਨੀਂ ਆਂਵਦਾ।
ਚੰਦ ਚੜ੍ਹੇ ਪਿਛਵਾਰ, ਅੱਗੇ ਪੈ ਰਹੇ,
ਪਰਛਾਵੇਂ ਰਮਣੀਕ ਸੁਹਣੇ ਸਹਿਮਵੇਂ,
ਇਉਂ ਜਾਪੇ ਕਿ ਸ਼ੋਰ ਉਹਲੇ ਹੋ ਗਿਆ.
ਇਕਾਂਤ ਵਲਾਯਤ ਵਿੱਚ ਆਕੇ ਟਿਕ ਗਏ,
ਠੰਢੀ ਵਹੇ ਸ਼ਮੀਰ ਦੇਂਦੀ ਲੋਰੀਆਂ ।