

ਗਾਂਧਰ ਬਲ।
ਬਰਫਾ ਨਰਮੀ ਖਾਇ ਹੇਠਾ ਉਤਰੀਆਂ-
ਠੰਢਕ ਵੰਡ ਵੰਡਾਇ ਲੁਟਾਈਏ ਆਪਣੀ,
ਬਣਕੇ ਦਾਨ-ਸਰੂਪ ਏਥੇ ਆਦੀਆ,
ਨਿਰਮਲ ਨੀਰ ਅਨੂਪ ਹੋਕੇ ਵਗਦੀਆ।
ਠੰਢੀ ਟੁਰੀ ਹਵਾਉ ਦਰਿਓਂ ਉੱਚਿਓ,
ਖੇਡੰਦੜੀ ਏ ਵਾਉ ਇਸ ਤੋਂ ਹੋ ਰਿਹਾ
ਸੁਹਣਾ ਨਾਲ ਛੁਹਾਉ ਛਹਿਬਰ ਲਾ ਰਿਹਾ।
ਧਰਤੇਂ ਕਢ ਸਿਰ ਬਾਰ ਚਨਾਰਾਂ ਨਿਕਲੀਆਂ
ਥਾਵਾਂ ਠੰਢੀਆਂ ਠਾਰ ਹੋਇ ਖਲੋਤੀਆਂ,
ਠੰਢੀਆਂ ਛਾਵਾਂ ਜਾਣ ਮੀਂਹ ਜਿਉਂ ਪੈ ਰਿਹਾ,
ਸੁਹਣਿਆਂ ਵਾਲੀ ਸ਼ਾਨ ਹੋ ਰਹੀ ਦਾਨ ਹੈ।
ਠੰਢਾ ਠੰਢਾ ਨੀਰ ਠੰਢੀ ਛਾਉਂ ਹੈ,
ਠੰਢੀ ਝੁਲੇ ਸ਼ਮੀਰ ਤ੍ਰੈ-ਏ ਠੰਢੀਆਂ,
ਮਾਨੋਂ ਠੰਢੀਆਂ ਪਾਣ ਤਪਤ ਮਿਟਾਣ ਨੂੰ।
੧ ਪਹਾੜ ਦੇ ਦਰੇ ਤੇ।
२ ਜੱਫੀਆਂ