

ਤਪਤ ਹੁਨਾਲੇ ਵਿਚ ਠੰਢਾ ਥਾਉਂ ਹੈ,
ਭਿੰਨੀ ਹੈ ਖੁਸ਼ਬੋਇ ਠੰਢਕ ਪੈ ਰਹੀ।
ਝਾਤੀ ਖੜੇ ਪਹਾੜ ਪਿਛੋਂ ਪਾ ਰਹੇ
ਅੱਗੇ ਖੜਾ ਮਦਾਨ ਲੇਰੀ ਦੇ ਰਿਹਾ।
ਸੁਖ ਦਾ ਪਿੜ ਏ ਥਾਉਂ ਕੁਦਰਤ ਸੋਹਿਣੀ,
ਵਾਂਗੂੰ ਪ੍ਯਾਰੀ ਮਾਉਂ ਬਾਲਾਂ ਵਾਸਤੇ
ਰਚਿਆ ਅਤਿ ਰਮਣੀਕ ਸੁਹਾਵਾਂ ਵਾਲੜਾ।
ਵੱਲਰ*।
ਫੁੱਲਰ! ਤੇਰਾ ਖੁੱਲ੍ਹਾ ਨਜ਼ਾਰਾ
ਵੇਖ ਵੇਖ ਦਿਲ ਠਰਿਆ,
ਖੁੱਲ੍ਹਾ, ਵੱਡਾ, ਸੁਹਣਾ, ਸੁੱਚਾ,
ਤਾਜ਼ਾ, ਹਰਿਆ ਭਰਿਆ,
ਸੁੰਦਰਤਾ ਤਰ ਰਹੀ ਤੋਂ ਉਤੇ,
ਖੁਲ੍ਹ ਉਡਾਰੀਆਂ ਲੈਂਦੀ,
ਨਿਰਜਨ ਫਬਨ, ਕੁਆਰੀ ਰੰਗਤ,
ਰਸ ਅਨੰਤ ਦਾ ਵਰਿਆ।