

ਫਰਾਮਰਜ਼ ਦਿਲਗੀਰ ਇਉਂ ਹੋ ਹੋ ਵਿਲਕਦਾ:
ਬਖਸ਼ੀ ਮੈਂ ਤਕਸੀਰ ਕਿ ਅਰਜ਼ਾ ਸੁਣ ਲਈ:
'ਸੁਹਣਿਆ ਦੇ ਸਿਰਤਾਜ ਵੇ ਅੱਲਾ ਮੇਰਿਆ!
'ਖੂਬਾਂ ਦੇ ਮਹਾਰਾਜ! ਵੇ ਸੁਹਜਾਂ ਵਾਲਿਆ!
'ਹੁਸਨਾ ਵਿਚ ਦੀਦਾਰ ਹੁਸਨ ਹੁਇ ਫੈਲਿਓ,
'ਕੀਤੇ ਕਰਮ ਅਪਾਰ ਕਿ ਸੁਪਨੇ ਵਿਚ ਤੂੰ
'ਜੱਨਤ' ਦਾ ਦੀਦਾਰ ਮੈਂ ਅੱਜ ਦਿਖਾਲਿਆ।
'ਤੇਰਾ ਸ਼ੁਕਰ ਹਜ਼ਾਰ ਜੁ ਮੈਨੂੰ ਦੱਸਿਆ।
'ਅਗਲਾ ਹਾਲ ਹਵਾਲ ਕਿ ਸੁਫਨੇ ਵਿਚ ਤੂੰ।
'ਖੁਸ਼ ਹੋਇਆਂ ਇਹ ਵੇਖ ਕਿ ਅੱਗੇ ਜਾਇਕੇ
'ਮੇਰੇ ਸੁਹਣੇ ਲੇਖ ਉ ਹੁਸਨਾ ਵਾਲੜੇ
'ਜਾਸਨ ਮੇਰੇ ਨਾਲ, ਮੈਂ ਜੰਨਤ ਵੱਸਣਾ,
'ਕਰਦਾ ਸ਼ੁਕਰ ਹਜ਼ਾਰ ਹਾਂ ਮੈਂ ਸਰਕਾਰ ਦਾ,
'ਪਰਇਕ ਅਰਜ਼ਗੁਜ਼ਾਰ ਮੈਂ ਮਾਣੇਂ ਮੱਤਿਆ
'ਕਰਦਾ ਹਾਂ ਦਰਬਾਰ ਜੁ ਤੇਰਾ ਸੋਹਿਣਾ,
'ਬਖਸ਼ਸ਼ ਨਾਲ ਅਪਾਰ ਏ ਕਰੋ ਕਬੂਲ ਜੀ:
'ਜੱਨਤ ਅਜੇ ਨਸੀਬ ਉ ਮੇਰੇ ਹੋਇ ਨਾਂ,
'ਜੱਨਤ ਇਹ ਕਸ਼ਮੀਰ ਕਿ ਮੈਨੂੰ ਬਖਸ਼ੀਓ,