ਤੇਰੇ ਚੋਜਾਂ ਦੀ ਚਾਲ
ਸੁਹਣੇ ਸਾਂਈਆਂ ਜੀਓ!
ਬਲਿਹਾਰ।
ਤੇਰੇ ਰੰਗਾਂ ਤੋਂ ਸਦ ਬਲਿਹਾਰ।
ਲੁਕੇ ਕਰਦੇ ਓ ਕਉਤਕ ਮੈਂ ਅੰਦਰ
ਕਦੇ ਛੁਪੇ ਹਨੇਰੇ ਦੇ ਉਹਲੇ,
ਕਦੇ ਲੁਕੇ ਲੁਕੇ ਨਿਜ ਚਾਨਣ
-ਤ੍ਰਿਖੇ ਤਿੱਖੇ ਆਪਣੇ ਚਾਨਣ-
ਕਦੇ ਖੇਲਦੇ ਦਿਲੇ, ਲਾਹ ਘੁੰਡ।
ਪਰ ਅੱਜ,
ਹਾਂ, ਸਾਂਈਆਂ ਜੀਓ ਮੇਰੇ, ਅੱਜ
ਕੀ ਕੀਤੋ ਨੇ ਚੋਜ ਅਚਰਜ।
ਹੈਂ, ਅੱਜ ਸਵੇਲੇ ਸਵੇਲੇ
ਉੱਡ ਗਏ ਅਕਾਸ਼ੀਂ ਉੱਚੇ ਉੱਚੇ:
ਦੂਰ ਦੂਰ ਕਿ ਦੂਰੋਂ ਬੀ ਦੂਰ,
ਪਰ ਦਿਤੋ ਨੇ ਝਲਕਾ ਝਲਕਾਇ,
ਦੂਰੋਂ ਦੂਰੋਂ ਓ ਰੰਗ ਜਮਾਇ
ਮੋਹ ਲਿਓ ਨੇ ਇਕੋ ਲਿਸ਼ਕਾਰ
ਨੂਰੀ ਰੂਪ ਦੀ ਝਲਕ ਝਲਕਾਇ।
ਵਾਹ ਵਾ ਪ੍ਯਾਰਨ ਜੀਓ ਤੇਰੇ ਚੋਜ!
ਵਾਹ ਵਾ ਸਾਂਈਆਂ ਜੀਓ ਤੇਰੀ ਮੌਜ!
ਉਰੇ ਉਰੇ ਪੈ ਅਗਮੋਂ ਅਗੰਮ,
ਪਰੇ ਪਰੇ ਪੈ ਸੁਗਮੋਂ ਸੁਗੰਮ,
ਜਿਵੇਂ ਚਾਹੋ ਚਾ ਕਰੋ ਨਿਹਾਲ,
ਤੇਰੇ ਚੋਜਾਂ ਦੀ ਅਚਰਜ ਹੈ ਚਾਲ। 41.