

ਨਕਲ ਨਹੀਂ ਕੀਤੀ, ਭੇਖ ਨਹੀਂ ਧਾਰਿਆ। ਹਸੀਦ ਪਿਆਰ ਕਰਦਾ ਹੈ, ਹੱਸਦਾ ਹੈ, ਨਚਦਾ ਹੈ। ਉਸ ਦਾ ਧਰਮ ਤਿਆਗ ਦਾ, ਸੰਜਮ ਦਾ, ਤਪੱਸਿਆ ਦਾ ਨਹੀਂ, ਜ਼ਸ਼ਨ ਮਨਾਉਣ ਦਾ ਹੈ। ਇਸ ਕਰਕੇ ਮੈਨੂੰ ਆਪਣੇ ਲੋਕਾਂ ਅਤੇ ਹਸੀਦੀਆਂ ਵਿਚਕਾਰ ਪੁਲ ਦਿਸਦਾ ਹੈ ਉਹ। ਮੇਰੇ ਕੋਲ ਬਹੁਤ ਸਾਰੇ ਯਹੂਦੀ ਇਤਫਾਕਨ ਨਹੀਂ ਆ ਗਏ, ਜਿੰਨੇ ਭੰਨ ਸਕਦਾ ਹਾਂ ਮੈਂ ਤਾਂ ਯਹੂਦੀਆ ਦੇ ਉਨੇ ਸਿਰ ਭੰਨੀ ਜਾਂਦਾ ਹਾਂ... ਫਿਰ ਵੀ ਉਨ੍ਹਾਂ ਨੂੰ ਪਤੇ ਮੈਂ ਉਨ੍ਹਾਂ ਨੂੰ ਪਿਆਰ ਕਰਦਾਂ। ਮੈਨੂੰ ਯਹੂਦੀ ਮੱਤ ਦਾ ਤੱਤ ਪਿਆਰਾ ਹੈ, ਉਸ ਦਾ ਨਾਮ ਹਸੀਦਵਾਦ ਹੈ। ਮੂਸਾ ਨੇ ਇਹ ਲਫਜ਼ ਤਾਂ ਨਹੀਂ ਸੁਣਿਆ ਪਰ ਸੀ ਉਹ ਹਸੀਦ। ਉਹਨੂੰ ਪਤਾ ਹੋਵੇ ਨਾ ਹੋਵੇ ਕੀ ਫਰਕ ਪੈਂਦੇ। ਮੈਂ ਐਲਾਨ ਕਰ ਦਿੱਤਾ ਹੈ ਕਿ ਉਹ ਹਸੀਦ ਸੀ, ਬੁੱਧ, ਕ੍ਰਿਸ਼ਨ, ਨਾਨਕ, ਮੁਹੰਮਦ ਸਭ ਹਸੀਦ। ਹਸੀਦਵਾਦ ਬਾਲ ਬਿਮ ਤੋਂ ਬਾਦ ਪ੍ਰਗਟ ਹੋਇਆ। ਲਫਜ਼ ਦੀ ਪ੍ਰਵਾਹ ਨਾ ਕਰੋ, ਰੂਹ ਵਲ ਧਿਆਨ ਦਿਉ।
ਮਾਰਟਿਨ ਬੂਥਰ ਦੀ ਦੂਜੀ ਕਿਤਾਬ ਹੈ ਮੈਂ ਤੇ ਤੂੰ, AND THOU. ਇਹ ਉਸ ਦੀ ਸਭ ਤੋਂ ਵੱਧ ਪ੍ਰਸਿਧ ਕਿਤਾਬ ਹੈ ਜਿਸ ਕਰਕੇ ਉਸ ਨੂੰ ਨੋਬਲ ਇਨਾਮ ਮਿਲਿਆ। ਮਾਫ ਕਰਨਾ ਮੈਂ ਇਸ ਕਿਤਾਬ ਨਾਲ ਉਕਾ ਸਹਿਮਤ ਨਹੀਂ। ਇਸ ਕਰਕੇ ਇਸ ਦਾ ਜ਼ਿਕਰ ਕੀਤਾ ਕਿਉਂਕਿ ਵਧੀਆ ਕਾਰਜ ਹੈ, ਈਮਾਨਦਾਰੀ ਨਾਲ, ਗੰਭੀਰਤਾ ਨਾਲ, ਕਲਾਕਾਰੀ ਨਾਲ ਕੀਤਾ ਹੋਇਆ ਸ਼ਾਨਦਾਰ ਕਾਰਜ। ਤਾਂ ਵੀ ਇਸ ਵਿਚ ਰੂਹ ਨਹੀਂ, ਰੂਹ ਤਾਂ ਬੂਬਰ ਵਿਚੋਂ ਵੀ ਗੈਰ ਹਾਜ਼ਰ ਸੀ। ਆਪਣੇ ਸ਼ਾਹਕਾਰ ਵਿਚ, ਆਪਣੀ ਕਿਤਾਬ ਵਿਚ ਉਹ ਵਿਚਾਰਾ ਰੂਹ ਕਿਵੇਂ ਸਿੰਜ ਸਕਦਾ ?
ਮੈਂ ਅਤੇ ਤੂੰ ਨੂੰ ਯਹੂਦੀ ਬੜਾ ਸਤਿਕਾਰਦੇ ਹਨ, ਉਨ੍ਹਾਂ ਨੂੰ ਲਗਦੀ ਇਹ ਉਨ੍ਹਾਂ ਦੇ ਧਰਮ ਦੇ ਨੰਣ ਨਕਸ਼ ਹਨ। ਇਸ ਵਿਚ ਤਾਂ ਕਿਸੇ ਧਰਮ ਦੇ ਵੀ ਨੈਣ ਨਕਸ਼ ਨਹੀਂ, ਨਾ ਹਿੰਦੂ ਦੇ ਨਾ ਯਹੂਦੀ ਧਰਮ ਦੇ, ਜਿਸ ਬੰਦੇ ਦਾ ਨਾਮ ਮਾਰਟਿਨ ਬੂਬਰ ਸੀ ਇਸ ਵਿਚ ਤਾਂ ਉਸ ਦੀ ਅਗਿਆਨਤਾ ਦੇ ਨੈਣ ਨਕਸ਼ ਹਨ। ਪਰ ਆਦਮੀ ਯਕੀਨਨ ਆਰਟਿਸਟ ਸੀ, ਜੀਨੀਅਸ। ਜੀਨੀਅਸ ਜਦੋਂ ਉਸ ਚੀਜ਼ ਬਾਰੇ ਕੁਝ ਲਿਖਣ ਲਗ ਪਏ ਜਿਸ ਬਾਰੇ ਕੱਖ ਨਾ ਜਾਣਦਾ ਹੋਵੇ ਤਾਂ ਵੀ ਸ਼ਾਹਕਾਰ ਪ੍ਰਗਟ ਕਰ ਸਕਦੇ।
ਮੈਂ ਅਤੇ ਤੂੰ ਬੁਨਿਆਦੀ ਤੌਰ ਤੇ ਗਲਤ ਲਿਖਤ ਹੈ ਕਿਉਂਕਿ ਬੂਬਰ ਅਨੁਸਾਰ ਇਹ ਮਨੁਖ ਅਤੇ ਰੱਬ ਵਿਚਕਾਰ ਸੰਵਾਦ ਹੈ। ਮੈਂ ਅਤੇ ਤੂੰ.. ਬਕਵਾਸ। ਆਦਮੀ ਅਤੇ ਰੱਬ ਵਿਚਕਾਰ ਸੰਵਾਦ ਹੋ ਈ ਨੀਂ ਸਕਦਾ... ਕੇਵਲ ਖਾਮੋਸ਼ੀ ਹੋ ਸਕਦੀ ਹੈ। ਸੰਵਾਦ? ਰੱਬ ਨਾਲ ਕਿਹੜੀ ਗੱਲ ਕਰੋਗੇ? ਡਾਲਰ ਦੀ ਕੀਮਤ ਘਟਣ ਦੀ? ਕਿ ਆਇਤੁੱਲਾ ਖੁਮੀਨੀ ਦੀ? ਦਸੋ ਤਾਂ ਸਹੀ ਗੱਲ ਕਰੋਗੇ ਕਿਹੜੀ। ਨਹੀਂ ਕਰ ਸਕਦੇ ਤੁਸੀਂ ਕੋਈ ਗੱਲ। ਤੁਸੀਂ ਕੇਵਲ ਵਿਸਮਾਦਿਤ ਹੋ ਜਾਉਗੇ.. ਪੂਰਨ ਖਾਮੋਸ਼।