

ਉਸ ਖਾਮੋਸ਼ੀ ਵਿਚ ਨਾ ਕੋਈ ਮੈਂ ਹੈ ਨਾ ਤੂੰ। ਕੇਵਲ ਕਿਤਾਬ ਨਹੀਂ ਮੈਂ ਇਸ ਦਾ ਟਾਈਟਲ ਵੀ ਰੱਦ ਕਰਦਾ ਹਾਂ। ਮੈਂ ਅਤੇ ਤੂੰ ਇਸ ਖਾਮੋਸ਼ੀ ਵਿਚ ਕਿਧਰੇ ਨਹੀਂ ਹਨ... ਇਸ ਦਾ ਮਤਲਬ ਹੋਇਆ ਕਿ ਅਜੇ ਵੀ ਕਿਧਰੇ ਵਖਰੇਵਾਂ ਹੈ। ਨਹੀਂ ਇਹ ਤਾਂ ਇਉਂ ਹੈ ਜਿਵੇਂ ਕੰਵਲ ਪੱਤਰ ਤੋਂ ਤ੍ਰੇਲ ਬੂੰਦ ਤਿਲਕ ਕੇ ਸਾਗਰ ਵਿਚ ਜਾ ਮਿਲੀ ਹੋਵੇ। ਤ੍ਰੇਲ ਬੂੰਦ ਲੋਪ ਹੋ ਗਈ ਯਾਨੀ ਕਿ ਦੂਜੇ ਸ਼ਬਦਾਂ ਵਿਚ, ਸਮੁੰਦਰ ਹੋ ਗਈ ਪਰ ਮੈਂ ਅਤੇ ਤੂੰ ਕਿਧਰੇ ਨਹੀਂ। ਜਾਂ ਮੈਂ ਹੈ ਕੇਵਲ ਜਾਂ ਤੂੰ ਹੈ ਬਸ। ਜੇ ਮੈਂ ਨਹੀਂ ਹੈ ਤਾਂ ਕੋਈ ਤੂੰ ਵੀ ਨਹੀਂ ਹੈ ਕਿਧਰੇ, ਇਹ ਹੋ ਹੀ ਨਹੀਂ ਸਕਦੇ, ਸੱਚ ਇਹ ਹੈ ਕਿ ਖਾਮੋਸ਼ੀ ਬਾਕੀ ਬਚਦੀ ਹੈ ਕੇਵਲ... ਜਿਹੜੇ ਪਲ ਮੈਂ ਖਾਮੋਸ਼ੀ ਵਿਚ ਗੁਜ਼ਾਰਦਾ ਹਾਂ ਉਹ ਮਾਰਟਿਨ ਬੂਥਰ ਆਪਣੀ ਕਿਤਾਬ ਮੈਂ ਅਤੇ ਤੂੰ ਵਿਚ ਨਹੀਂ ਕਹਿ ਸਕਦਾ, ਫੇਲ ਹੋ ਜਾਂਦਾ ਹੈ। ਫੇਲ ਹੋ ਗਿਐ ਬੇਸ਼ਕ ਕਿਤਾਬ ਸ਼ਾਹਕਾਰ ਹੈ, ਸ਼ਾਨਦਾਰ ਹੈ।
ਹੁਣ ਤੀਜੀ ਕਿਤਾਬ। ਮਾਰਟਿਨ ਬੂਬਰ ਯਹੂਦੀ ਸੀ ਅਤੇ ਹੋਰ ਯਹੂਦੀ ਅਜੇ ਕਤਾਰ ਵਿਚ ਖਲੋਤੇ ਹਨ। ਯਾ ਰੱਬ, ਕਿਨੀ ਵਡੀ ਲਾਈਨ ਹੈ, ਵਿਚਾਰੇ ਦੇਵਗੀਤ ਤੇ ਆਬੂ... ਆਖਰ ਇਨ੍ਹਾਂ ਨੇ ਖਾਣਾ ਵੀ ਤਾਂ ਖਾਣਾ ਹੈ, ਸ਼ਬਦਾਂ ਨਾਲ ਤਾਂ ਪੇਟ ਨਹੀਂ ਭਰਦਾ। ਤਾਂ ਫਿਰ ਮੈਂ ਜਲਦੀ ਕੰਮ ਨਿਬੇੜਾਂ। ਜਿੰਨੇ ਭੁਗਤਾ ਸਕਦਾ ਹਾਂ ਭੁਗਤਾਵਾਂ। ਕਈ ਬੜੇ ਢੀਠ ਹਨ, ਜਦੋਂ ਤਕ ਉਨ੍ਹਾਂ ਬਾਰੇ ਗੱਲ ਨਹੀਂ ਕਰਦਾ ਨਹੀਂ ਜਾਣਗੇ।
ਮਾਰਟਿਨ ਬੂਥਰ ਤੋਂ ਬਾਦ ਇਕ ਮੋਟੇ ਦਿਮਾਗ ਦਾ ਬੰਦਾ ਹੈ, ਮੇਰੇ ਜਿੰਨੇ ਮੋਟੇ ਦਿਮਾਗ ਦਾ ਤਾਂ ਨਹੀਂ ਪਰ ਕਾਫੀ ਹੈ। ਕੀ ਪਤਾ ਪਿਛਲੇ ਜਨਮ ਵਿਚ ਮੈਂ ਵੀ ਯਹੂਦੀ ਹੋਵਾਂ, ਜਰੂਰ ਹੋਵਾਂਗਾ। ਇਸ ਆਦਮੀ ਦਾ ਨਾਮ ਹੈ ਕਾਰਲ ਮਾਰਕਸ। ਜਿਹੜੀ ਕਿਤਾਬ ਹਥ ਵਿਚ ਫੜੀ ਖਲੋਤਾ ਹੈ ਉਹ ਹੈ ਪੂੰਜੀ, DAS CAPITAL
ਅੱਜ ਤੱਕ ਲਿਖੀਆਂ ਗਈਆਂ ਮਾੜੀਆਂ ਕਿਤਾਬਾਂ ਵਿਚੋਂ ਸਭ ਤੋਂ ਮਾੜੀ ਕਿਤਾਬ। ਇਕ ਪੱਖੋਂ ਕਿਤਾਬ ਮਹਾਨ ਹੈ ਕਿਉਂਕਿ ਲੱਖਾਂ ਲੋਕਾਂ ਉਪਰ ਅਸਰ ਕੀਤਾ ਇਸ ਨੇ। ਲਗਭਗ ਅੱਧਾ ਜਹਾਨ ਕਮਿਉਨਿਸਟ ਹੈ, ਬਾਕੀ ਅੱਧਾ ਜਹਾਨ ਕੀ ਹੈ ਪੱਕੀ ਤਰ੍ਹਾਂ ਕੁਝ ਨਹੀਂ ਕਹਿ ਸਕਦੇ। ਜਿਹੜੇ ਲੋਕ ਕਮਿਊਨਿਸਟ ਨਹੀਂ ਉਨ੍ਹਾਂ ਦੇ ਦਿਲਾਂ ਵਿਚ ਵੀ ਕਿਤੇ ਇਹ ਗੱਲ ਬੈਠੀ ਹੋਈ ਹੈ ਕਿ ਕਮਿਊਨਿਜ਼ਮ ਵਿਚ ਕੁਝ ਨਾ ਕੁਝ ਤਾਂ ਚੰਗਾ ਹੋਣਾ ਹੀ। ਕੁਝ ਚੰਗਾ ਨਹੀਂ ਇਸ ਵਿਚ। ਇਕ ਵਡੇ ਸੁਫਨੇ ਨਾਲ ਛਲ ਕੀਤਾ ਹੋਇਆ ਹੈ। ਕਾਰਲ ਮਾਰਕਸ ਸੁਫਨਸਾਜ਼ ਸੀ, ਅਰਥਸ਼ਾਸਤਰੀ ਬਿਲਕੁਲ ਨਹੀਂ, ਸਿਰਫ ਸੁਫਨਸਾਜ਼, ਕਵੀ, ਘਟੀਆ ਦਰਜੇ ਦਾ ਕਵੀ। ਉਹ ਵਧੀਆ ਲੇਖਕ ਵੀ ਨਹੀਂ। ਕੋਈ ਨਹੀਂ ਦਾਸ ਕੰਪੀਟਲ ਪੜ੍ਹਦਾ। ਪ੍ਰਸਿਧ ਕਮਿਊਨਿਸਟਾਂ ਨਾਲ ਮੇਰੀ ਗੱਲ ਹੋਈ ਹੈ, ਮੈਂ ਉਨ੍ਹਾਂ ਨੂੰ ਪੁੱਛਿਆ ਹੈ ਅੱਖਾਂ ਵਿਚ ਅੱਖਾਂ ਪਾਕੇ- ਦਾਸ ਕੰਪੀਟਲ ਪੜ੍ਹੀ7 ਇਕ ਨੇ ਵੀ ਹਾਂ ਨਹੀਂ ਕਿਹਾ।