

ਉਪਰ ਲਿਖਿਆ ਜਾਂਦਾ ਤੇ ਫਿਰ ਜਦੋਂ ਸਾਰੇ ਪੱਤਿਆਂ ਨੂੰ ਇਕੱਤਰ ਕਰਕੇ ਬੰਨ੍ਹਦੇ ਉਸ ਨੂੰ ਗ੍ਰੰਥ ਆਖਦੇ। ਗ੍ਰੰਥ ਲਫਜ਼ ਦਾ ਅਰਥ ਬੰਨ੍ਹਣਾ ਹੁੰਦਾ ਹੈ, ਪੱਤੇ ਇਕੱਠੇ ਕਰਕੇ ਬੰਨ੍ਹਣੇ।
ਗ੍ਰੰਥ ਵਿਚ ਕੁਝ ਕਥਨ ਬਹੁਤ ਕੀਮਤੀ ਹਨ। ਥੋੜ੍ਹਿਆਂ ਨਾਲ ਵਾਕਫੀ ਕਰਾਵਾਂਗਾ। ਇਕ ਵਾਕ ਹੈ- ਜੋ ਕਿਹਾ ਜਾ ਸਕਦਾ ਹੈ ਉਸ ਵਲ ਤਵੱਜੋ ਨਾ ਦਿਉ. ਇਹ ਸੱਚ ਨਹੀਂ। ਸੱਚ ਦਾ ਕਥਨ ਨਹੀਂ ਹੋ ਸਕਦਾ। ਦੂਜਾ- ਰੱਬ ਇਕ ਲਫਜ਼ ਹੀ ਮਹਿਜ਼, ਮਹੱਤਵਪੂਰਨ, ਪਰ ਮੌਜੂਦ ਨਹੀਂ। ਇਕ ਅਨੁਭਵ ਨੂੰ ਪ੍ਰਗਟ ਕਰਦਾ ਲਫਜ਼ ਹੈ ਰੱਬ, ਇਹ ਕੋਈ ਵਸਤੂ ਨਹੀਂ। ਤੀਜਾ- ਬੰਦਗੀ ਕੋਈ ਮਾਨਸਿਕ ਕ੍ਰਿਆ ਨਹੀਂ, ਇਸ ਦਾ ਮਨ ਨਾਲ ਕੋਈ ਤਅਲੁਕ ਨਹੀਂ। ਇਸ ਦੇ ਉਲਟ ਮਨ ਨੂੰ ਵਿਸਾਰ ਦਿਉ ਜੇ ਬੰਦਗੀ ਕਰਨੀ ਹੈ। ਇਸ ਤਰ੍ਹਾਂ ਦੇ ਵਾਕ।
ਗ੍ਰੰਥ ਦਾ ਜ਼ਿਕਰ ਇਸ ਕਰਕੇ ਕਰਨਾ ਸੀ ਕਿਉਂਕਿ ਕਿਸੇ ਨੇ ਇਸਦਾ ਜ਼ਿਕਰ ਕਿਤੇ ਨਹੀਂ ਕੀਤਾ ਤੇ ਇਸਦਾ ਕਦੀ ਅਨੁਵਾਦ ਨਹੀਂ ਹੋਇਆ।
ਸੱਤਵੀਂ ... ਮੈਂ ਠੀਕ ਕਰ ਰਿਹਾਂ ਗਿਣਤੀ ?
ਹਾਂ ਓਸ਼ੋ।
ਮੈਂ ਕਾਰਲ ਮਾਰਕਸ ਅਤੇ ਏਂਗਲਜ਼ ਦੇ ਖਿਲਾਫ ਹਾਂ ਪਰ ਇਨ੍ਹਾਂ ਦੋਵਾਂ ਨੇ ਰਲ ਕੇ ਜਿਹੜੀ ਕਿਤਾਬ ਲਿਖੀ ਉਸ ਦੀ ਪ੍ਰਸ਼ੰਸਾ ਕਰਦਾ ਹਾਂ, ਕਮਿਊਨਿਸਟ ਮੈਨੀਫੈਸਟੋ THE COMMUNIST MANIFESTO. ਚੇਤੇ ਰਹੇ, ਮੈਂ ਕਮਿਊਨਿਸਟ ਨਹੀਂ। ਮੇਰੇ ਵਰਗਾ ਕਮਿਉਨਿਜ਼ਮ ਵਿਰੋਧੀ ਬੰਦਾ ਤੁਹਾਨੂੰ ਹੋਰ ਨਹੀਂ ਲਭੇਗਾ। ਫਿਰ ਵੀ ਇਸ ਛੋਟੀ ਜਿਹੀ ਕਿਤਾਬ ਨੂੰ ਪਿਆਰ ਕਰਦਾਂ। ਇਸ ਵਿਚਲੀ ਸਮੱਗਰੀ ਜਾਂ ਸ਼ੈਲੀ ਦਾ ਕਾਇਲ ਨਹੀਂ, ਜਿਸ ਢੰਗ ਨਾਲ ਲਿਖਿਆ ਗਿਆ ਉਹ ਕਮਾਲ ਐ।
ਤੁਹਾਨੂੰ ਪਤੈ ਮੈਂ ਬਹੁਪਰਤਾਂ ਵਾਲਾ ਬੰਦਾ ਹਾਂ ਤੇ ਕੇਵਲ ਸਟਾਈਲ ਵੀ ਪਸੰਦ ਕਰ ਸਕਦਾਂ। ਬੁੱਧ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰ ਲਏਗਾ, ਮਹਾਂਵੀਰ ਦੌੜ ਜਾਏਗਾ, ਸਟਾਈਲ? ਪਰ ਮੈਂ ਆਪਣੀ ਕਿਸਮ ਦਾ ਹਾਂ, ਜੀ, ਜਿਸ ਸਟਾਈਲ ਨਾਲ ਕਮਿਊਨਿਸਟ ਮੈਨੀਫੈਸਟੋ ਲਿਖਿਆ ਗਿਆ ਉਹ ਮੈਨੂੰ ਪਿਆਰਾ ਲਗਦੈ, ਇਸ ਵਿਚਲੀ ਸਮੱਗਰੀ ਬਕਵਾਸ ਹੈ। ਸਮਝੇ ਮੇਰੀ ਗੱਲ? ਬੰਦੇ ਨੂੰ ਨਫਰਤ ਤੇ ਉਸਦੇ ਲਿਬਾਸ ਨੂੰ ਪਿਆਰ ਕੀਤਾ ਜਾ ਸਕਦੈ। ਮੇਰੀ ਹਾਲਤ ਇਹੋ ਹੈ। ਕਮਿਊਨਿਸਟ ਮੈਨੀਫੈਸਟੋ ਦਾ ਆਖਰੀ ਵਾਕ ਹੈ :
ਦੁਨੀਆਂ ਭਰ ਦੇ ਮਿਹਨਤਕਸ਼ੋ ਇਕ ਹੋ ਜਾਉ।
ਗੁਆਣ ਲਈ ਤੁਹਾਡੇ ਕੋਲ ਜੰਜੀਰਾਂ ਤੋਂ ਇਲਾਵਾ ਕੁਝ ਨਹੀਂ।