

ਕਾਫੀ ਹੁੰਦੀ ਹੈ, ਤੂੰ ਬਾਰ ਬਾਰ ਇਹੋ ਮੰਗਵਾਈ ਜਾਨੈ। ਮੈਂ ਦੇਖ ਰਿਹਾਂ ਡਾਕੀਆ ਇਕੋ ਕਿਤਾਬ ਦੇ ਪੈਕਟ ਲਿਆ ਕੇ ਦੇਈ ਜਾਂਦੈ, ਗੋਰਕੀ ਦੀ ਮਾਂ ਦੇ। ਕੀ ਹੋਇਐ ਤੈਨੂੰ?
ਮੈਂ ਉਸ ਨੂੰ ਕਿਹਾ- ਹਾਂ, ਜਿਥੋਂ ਤਕ ਗੋਰਕੀ ਦੀ ਮਾਂ ਕਿਤਾਬ ਦਾ ਸਬੰਧ ਹੈ, ਪਾਗਲ ਹਾਂ, ਪੂਰਾ ਪਾਗਲ। ਆਪਣੀ ਮਾਂ ਨੂੰ ਮਿਲਾਂ ਤਾਂ ਗੌਰਕੀ ਯਾਦ ਆ ਜਾਂਦੈ। ਗੋਰਕੀ ਦੁਨੀਆਂ ਦਾ ਸਭ ਤੋਂ ਵੱਡਾ ਕਲਾਕਾਰ ਹੋਣਾ। ਮਾਂ ਕਿਤਾਬ ਵਿਚ ਉਸ ਨੇ ਲੇਖਣ ਕਲਾ ਦੀਆਂ ਸਿਖਰਾਂ ਛੁਹੀਆਂ ਹਨ... ਹਿਮਾਲਾ ਦੀ ਟੀਸੀ ਵਾਂਗ ਹੈ ਉਹ, ਨਾ ਉਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਸੀ ਕੋਈ ਨਾ ਪਿੱਛੋਂ। ਉਚਤਮ ਚੋਟੀ। ਮਾਂ ਪੜ੍ਹਨ ਵਾਲੀ ਕਿਤਾਬ ਹੈ, ਬਾਰ ਬਾਰ ਪੜ੍ਹੀ ਜਾਣ ਵਾਲੀ... ਤਾਂ ਤੁਹਾਡੇ ਵਿਚ ਹੌਲੀ ਹੌਲੀ ਰਮਦੀ ਹੈ ਇਹ। ਸਹਿਜੇ ਸਹਿਜੇ ਫਿਰ ਤੁਸੀਂ ਇਸ ਨੂੰ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ। ਹਾਂ... ਇਹੋ ਲਫਜ਼ ਸਹੀ ਹੈ, ਮਹਿਸੂਸ ਕਰਨਾ, ਸੋਚਣਾ ਨਹੀਂ, ਪੜ੍ਹਨਾ ਨਹੀਂ, ਮਹਿਸੂਸ ਕਰਨਾ। ਤੁਸੀਂ ਇਸ ਨੂੰ ਛੁਹਣਾ ਸ਼ੁਰੂ ਕਰਦੇ ਹੋ, ਇਹ ਤੁਹਾਨੂੰ ਛੂੰਹਦੀ ਹੈ, ਜਿਉਂਦੀ ਹੋ ਜਾਂਦੀ ਹੈ। ਫਿਰ ਇਹ ਕਿਤਾਬ ਨਹੀਂ ਰਹਿੰਦੀ, ਸ਼ਖਸ ਹੋ ਜਾਂਦੀ ਹੈ, ਸ਼ਖਸੀਅਤ।
ਸੱਤਵੀਂ ਫਿਰ ਰੂਸੀ, ਤੁਰਗਨੇਵ, ਉਸਦੀ ਕਿਤਾਬ ਪਿਤਾ ਅਤੇ ਪੁੱਤਰ FATHERS AND SONS. ਇਹ ਵੀ ਮੇਰੇ ਇਸ਼ਕੀਆ ਕਿੱਸਿਆਂ ਵਿਚੋਂ ਇਕ ਹੈ। ਮੈਨੂੰ ਬਥੇਰੀਆਂ ਕਿਤਾਬਾਂ ਚੰਗੀਆਂ ਲੱਗੀਆਂ, ਹਜ਼ਾਰਾਂ ਕਿਤਾਬਾਂ ਪਰ ਤੁਰਗਨੇਵ ਦੀ ਪਿਤਾ ਅਤੇ ਪੁੱਤਰ ਵਰਗੀ ਕੋਈ ਨਹੀਂ। ਮੈਂ ਆਪਣੇ ਪਿਤਾ ਨੂੰ ਮਜਬੂਰ ਕਰਦਾ ਰਹਿੰਦਾ ਕਿ ਇਹ ਕਿਤਾਬ ਪੜ੍ਹ। ਉਹ ਮਰ ਗਿਆ ਹੈ ਨਹੀਂ ਤਾਂ ਮਾਫੀ ਵੀ ਮੰਗ ਲੈਂਦਾ। ਇਹ ਕਿਤਾਬ ਪੜਾਉਣ ਲਈ ਉਸ ਨੂੰ ਕਿਉਂ ਮਜਬੂਰ ਕਰਦਾ ਸਾਂ? ਇਸ ਕਰਕੇ ਕਿ ਉਸ ਵਿਚਲੇ ਅਤੇ ਮੇਰੇ ਵਿਚਕਾਰਲੇ ਖੱਪੇ ਨੂੰ ਸਮਝਣ ਵਾਸਤੇ ਇਹੋ ਇਕ ਤਰੀਕਾ ਸੀ। ਉਹ ਵੀ ਯਕੀਨਨ ਅਦਭੁਤ ਬੰਦਾ ਸੀ। ਉਹ ਬਾਰ ਬਾਰ ਕਿਤਾਬ ਪੜ੍ਹੀ ਜਾਂਦਾ ਕਿਉਂਕਿ ਮੈਂ ਕਹਿ ਦਿੰਦਾ। ਇਕ ਵਾਰ ਨੀਂ, ਇਹ ਕਿਤਾਬ ਉਸ ਨੇ ਕਈ ਵਾਰ ਪੜ੍ਹੀ। ਕੇਵਲ ਪੜ੍ਹੀ ਨਹੀਂ: ਇਸ ਕਿਤਾਬ ਸਦਕਾ ਮੇਰੇ ਅਤੇ ਪਿਤਾ ਵਿਚਕਾਰਲਾ ਪਾੜਾ ਭਰ ਗਿਆ। ਅਸੀਂ ਪਿਤਾ ਅਤੇ ਪੁਤਰ ਨਾ ਰਹੇ। ਪਿਤਾ ਦਾ ਬੇਟੇ ਨਾਲ, ਮਾਂ ਨਾਲ, ਧੀ ਨਾਲ ਫਜ਼ੂਲ ਰਿਸ਼ਤਾ ਹੋਇਆ ਕਰਦੈ... ਘੱਟੋ ਘੱਟ ਮੇਰੇ ਅਤੇ ਪਿਤਾ ਵਿਚ ਇਹ ਰਿਸ਼ਤਾ ਖਤਮ ਹੋ ਗਿਆ, ਅਸੀਂ ਦੋਸਤ ਹੋ ਗਏ। ਆਪਣੇ ਪਿਤਾ ਨਾਲ ਜਾਂ ਆਪਣੇ ਪੁੱਤਰ ਨਾਲ ਮਿਤਰਤਾ ਹੋਣੀ ਮੁਸ਼ਕਲ ਹੁੰਦੀ ਹੈ ਪਰ ਹੋ ਗਈ। ਇਸ ਦਾ ਸਿਹਰਾ ਪਿਤਾ ਨੂੰ ਜਾਂਦਾ ਹੈ ਮੈਨੂੰ ਨਹੀਂ।
ਤੁਰਗਨੇਵ ਦੀ ਕਿਤਾਬ ਪਿਤਾ ਅਤੇ ਪੁੱਤਰ ਹਰੇਕ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਹਰੇਕ ਕਿਸੇ ਨਾ ਕਿਸੇ ਰਿਸ਼ਤੇ ਵਿਚ ਉਲਝਿਆ ਹੋਇਐ, ਪਿਉ ਤੇ ਪੁੱਤ, ਪਤੀ ਤੇ ਪਤਨੀ, ਭਰਾ ਅਤੇ ਭੈਣ... ਚਲ ਸੋ ਚਲ... ਅਨੰਤ ਰਿਸ਼ਤੇ.. ਪਾਗਲਪਣ। ਮੇਰੇ ਕੋਸ਼ ਵਿਚ ਪਰਿਵਾਰ ਦਾ ਮਤਲਬ ਹੈ ਬਕਵਾਸ, ਖੱਪਖਾਨਾ।