

ਇਹ ਨਾਵਲ। ਇਹ ਉਸ ਵਿਚੋਲੇ ਦਾ ਨਾਵਲ ਹੈ ਜੋ ਮੇਲ ਕਰਾ ਦਏ। ਨਾ ਟਾਲਸਟਾਇ ਨਾ ਚੈਖਵ, ਕੋਈ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ। ਬਦਕਿਸਮਤੀ ਇਹ ਕਿ ਹਿੰਦੀ ਵਿਚ ਲਿਖਿਐ।
ਰੁਕੋ ਰਤਾ। ਕੁਝ ਕਹਿਣ ਨਾਲੋਂ ਅਨੰਦ ਲੈਣਾ ਕਿੰਨਾ ਚੰਗਾ! ਇਸ ਉਚਾਣ ਉਪਰ ਗਲ ਕਰਨੀ ਔਖਾ ਕੰਮ ਹੈ। ਦਖਲੰਦਾਜ਼ੀ ਨਾ ਕਰੋ ਪਲੀਜ਼, ਵਿਘਨ ਨਾ ਪਾਉ।
ਅਧਿਆਇ ਚੌਧਵਾਂ
ਮੈਨੂੰ ਖਬਰ ਮਿਲੀ ਹੈ ਦੇਵਗੀਤ ਕਿ ਅੱਜ ਸਵੇਰ ਤੂੰ ਖਿਸਕ ਗਿਆ ਸੀ ਕਿਧਰੇ। ਮਟਰ ਗਸ਼ਤੀ ਕਰਨੀ ਮਾੜੀ ਕਸਰਤ ਨਹੀਂ ਪਰ ਇਸ ਵਾਸਤੇ ਕਿਧਰੇ ਬਾਹਰ ਜਾਣ ਦੀ ਕੀ ਲੋੜ। ਇਹ ਆਮ ਆਦਤ ਹੈ, ਮਜੇ ਲੈਣ ਦੀ ਆਦਤ ਪਰ ਮਟਰਗਸ਼ਤੀ ਵਾਸਤੇ ਕਿਤੇ ਬਾਹਰ ਜਾਣ ਦੀ ਕੀ ਲੋੜ? ਆਪਣੇ ਅੰਦਰ ਘੁੰਮ ਲਉ। ਅੰਦਰ ਘੁੰਮੋਗੇ ਤਾਂ ਘੁਮੱਕੜ ਓਸ਼ੌ ਬਣ ਜਾਉਗੇ ਤੇ ਇਹ ਕੋਈ ਮਤਲਬ ਦੀ ਚੀਜ਼ ਹੁੰਦੀ ਹੈ। ਤੁਸੀਂ ਉਸ ਰਸਤੇ ਉਤੇ ਹੋ ਜਿਹੜਾ ਓਸ਼ੋ ਤਕ ਜਾਂਦਾ ਹੈ ਪਰ ਤੁਸੀਂ ਪੂਰੀ ਸਾਵਧਾਨੀ ਨਾਲ ਤੁਰਦੇ ਹੋ, ਤਰਕ ਸੰਗਤ ਤਰੀਕੇ ਨਾਲ, ਵਿਗਿਆਨਕ ਢੰਗ ਨਾਲ।
ਮੈਂ ਤੁਹਾਨੂੰ ਨੋਟਸ ਲੈਣ ਦੀ ਆਗਿਆ ਨਹੀਂ ਦੇ ਰਿਹਾ, ਵਿਘਨ ਪਾ ਰਿਹਾ ਹਾਂ। ਖਿਮਾ ਜਾਚਨਾ ਕਰਨ ਦੀ ਥਾਂ ਮੈਂ ਤੁਹਾਡੇ ਕੰਮ ਵਿਚ ਦਖਲ ਦੇ ਕੇ ਕਹਿੰਦਾ ਹਾਂ- ਵਿਘਨ ਨਾ ਪਾ ਦੇਵਗੀਤ। ਮੇਰੀ ਇਸ ਹਰਕਤ ਨਾਲ ਖਿਝ ਚੜ੍ਹ ਸਕਦੀ ਹੈ। ਪਰ ਤੁਸੀਂ ਜਾਣਦੇ ਤਾਂ ਹੋ ਮੈਂ ਸ਼ੈਦਾਈ ਹਾਂ। ਜਦੋਂ ਕਿਸੇ ਪਾਗਲ ਨਾਲ ਵਾਹ ਪਵੇ ਤਾਂ ਦਿਆਲੂ ਹੋਣਾ ਪੈਂਦਾ ਹੈ, ਨਿਮਰ ਨਹੀਂ, ਪਿਆਰਾ ਹੋਣਾ ਪੈਂਦੇ।
ਵਿਘਨ ਤੁਸੀਂ ਪਾ ਨਹੀਂ ਰਹੇ ਹੁੰਦੇ ਪਰ ਮੈਂ ਕਹਿ ਦਿੰਨਾ- ਦਖਲ ਨਾ ਦਿਉ, ਤਾਂ ਇਸਦਾ ਕੁਝ ਮਤਲਬ ਹੋਣਾ। ਤੁਹਾਡੇ ਮਨ ਵਿਚ ਕੋਈ ਫੁਰਨਾ ਹੋਣਾ। ਤੁਹਾਡਾ ਫੁਰਨਾ ਕਿਸੇ ਲਈ ਵਿਘਨਕਾਰੀ ਹੋ ਸਕਦਾ ਹੈ ਸ਼ਾਇਦ ਇਸ ਦਾ ਤੁਹਾਨੂੰ ਕੋਈ ਇਲਮ ਵੀ ਨਹੀਂ। ਦਖਲੰਦਾਜ਼ੀ ਹੈ ਮਜ਼ੇਦਾਰ ਚੀਜ਼। ਨਾਲੇ ਇਥੇ ਤਾਂ ਤੂੰ ਮਾਲਕ ਹੈਂ ਭਾਈ। ਇਸ ਕਮਰੇ ਵਿਚ ਤਾਂ ਤੂੰ ਹੀ ਨੂਹ ਹੈਂ। ਮੈਂ ਮਹਿਜ਼ ਬੇਟਿਕਟਾ ਮੁਸਾਫਰ ਹਾਂ। ਮੈਨੂੰ ਤੁਹਾਡਾ ਅਚੇਤ ਮਨ ਵੀ ਦਿਸਦਾ ਰਹਿੰਦੈ ਤੇ ਜਦੋਂ ਕਹਿਨਾ- ਦਖਲ ਨਾ ਦੇਹ, ਮੇਰੀ ਗਲ ਬੁਰੀ ਲਗਦੀ ਹੀ ਹੈ, ਗੁੱਸਾ ਆਉਂਦੇ। ਮੇਰੇ ਕੰਮ ਵਿਚ ਵਿਘਨ ਪਾਉਂਦਿਆਂ ਤੈਨੂੰ ਕਿਸੇ ਨਹੀਂ ਦੇਖਿਆ, ਤੂੰ ਵੀ ਨਹੀਂ ਦੇਖਿਆ ਪਰ ਮੈਂ ਦੇਖ ਲਿਆ। ਤੇਰੇ ਅਵਚੇਤਨ ਵਿਚ ਹੋ ਰਹੀ ਘੁਸਰ ਮੁਸਰ ਮੈਂ ਸੁਣ ਲਈ ਹੈ।