ਰੱਬ ਵਿਚਕਾਰ ਜੋ ਜੋ ਬੀਤਦਾ ਹੈ ਉਹ ਸ਼ਰਾਬ ਹੈ, ਸ਼ਰਾਬ ਦਾ ਸਰੂਰ। ਰੁਬਾਈਆਤ ਨੂੰ ਸਮਝਿਆ ਨਹੀਂ ਗਿਆ ਇਸੇ ਕਾਰਨ ਮੈਥੋਂ ਇਸ ਦਾ ਜ਼ਿਕਰ ਕਰਨ ਵਿਚ ਦੇਰ ਹੋ ਗਈ।
ਸੱਤਵੀਂ ਜਲਾਲੁਦੀਨ ਰੂਮੀ ਦੀ ਕਿਤਾਬ ਹੈ ਮਨਸਵੀ । ਸਾਰੀ ਕਿਤਾਬ ਨਿਕੇ ਨਿਕੇ ਕਥਾਨਕਾਂ ਨਾਲ ਭਰੀ ਪਈ ਹੈ। ਵੱਡੇ ਖਿਆਲ ਕਥਾਨਕਾਂ ਰਾਹੀਂ ਕਥੇ ਜਾਂਦੇ ਹਨ। ਯਸੂ ਸਾਖੀਆਂ ਰਾਹੀਂ ਗੱਲਾਂ ਦਸਦਾ, ਇਵੇਂ ਮਨਸਵੀ ਕਰਦੀ ਹੈ। ਮੈਂ ਇਹਨੂੰ ਕਿਉਂ ਭੁੱਲ ਗਿਆ? ਮੈਨੂੰ ਤਾਂ ਚੰਗੀਆਂ ਵੀ ਸਾਖੀਆਂ ਹੀ ਲਗਦੀਆਂ ਨੇ। ਮੈਨੂੰ ਭੁਲਣਾ ਨਹੀਂ ਸੀ ਚਾਹੀਦਾ। ਇਸ ਕਿਤਾਬ ਵਿਚੋਂ ਮੈਂ ਸੈਂਕੜੇ ਸਾਖੀਆਂ ਇਸਤੇਮਾਲ ਕੀਤੀਆਂ ਹਨ। ਇਹ ਕਿਤਾਬ ਤਾਂ ਮੇਰੇ ਵਜੂਦ ਵਿਚ ਏਨੀ ਘੁਲ ਮਿਲ ਗਈ ਹੈ ਕਿ ਵਖਰਿਆਂ ਇਸ ਦਾ ਜ਼ਿਕਰ ਕਰਨ ਦੀ ਲੋੜ ਨਾ ਜਾਣੀ। ਪਰ ਇਹ ਬਹਾਨਾ ਵਜ਼ਨਦਾਰ ਨਹੀਂ। ਖਿਮਾ ਮੰਗਣੀ ਪਵੇਗੀ।
ਅੱਠਵੀਂ ਕਿਤਾਬ ਈਸ਼ ਉਪਨਿਸ਼ਦ ਹੈ। ਇਸ ਦਾ ਜ਼ਿਕਰ ਕਿਉਂ ਭੁਲ ਗਿਆ, ਇਹ ਜਾਣਨਾ ਆਸਾਨ ਕੰਮ ਹੈ। ਮੈਂ ਇਸ ਨੂੰ ਪੀ ਗਿਆ, ਇਹ ਮੇਰੇ ਖੂਨ ਅਤੇ ਹੱਡੀਆਂ ਵਿਚ ਰਮ ਗਈ, ਮੈਂ ਈਸ਼ ਹੋ ਗਿਆ, ਈਸ਼ ਰਜਨੀਸ਼ ਹੋ ਗਿਆ। ਸੈਆਂ ਵਾਰ ਮੈਂ ਇਸ ਦੇ ਹਵਾਲੇ ਦਿੱਤੇ। ਆਕਾਰ ਪੱਖੋਂ ਇਹ ਛੋਟਾ ਗ੍ਰੰਥ ਹੈ। ਕੁਲ 108 ਉਪਨਿਸ਼ਦਾਂ ਵਿਚੋਂ ਇਹ ਸਭ ਤੋਂ ਛੋਟਾ ਹੈ, ਭਾਵੇਂ ਪੋਸਟਕਾਰਡ ਉਪਰ ਛਾਪ ਲਉ ਇਕੋ ਪਾਸੇ। ਇਸ ਵਿਚ ਵਡ ਆਕਾਰੀ 107 ਉਪਨਿਸ਼ਦ ਸਮਾਏ ਹੋਏ ਹਨ ਸੋ ਉਨ੍ਹਾਂ ਦਾ ਜ਼ਿਕਰ ਕੀ ਕਰਨਾ ਹੋਇਆ। ਈਸ਼ ਬੀਜ ਹੈ।
ਲਫਜ਼ ਈਸ਼ ਮਾਇਨੇ ਰੂਹਾਨੀ, ਦਿਵਯ। ਭਾਰਤ ਵਿਚ ਯਸੂ ਨੂੰ ਅਸੀਂ ਕ੍ਰਾਈਸਟ ਨਹੀਂ ਕਹਿੰਦੇ, ਈਸਾ ਕਹਿੰਦੇ ਹਾਂ। ਈਸਾ, ਮੂਲ ਆਰਾਮੀ ਇਸੂਆ ਦੇ ਨੇੜੇ ਹੈ ਜਿਸ ਨੂੰ ਅੰਗਰੇਜ਼ੀ ਵਿਚ ਜੋਸੂਆ ਲਿਖਿਆ। ਉਸ ਦੇ ਮਾਪੇ ਯਕੀਨਨ ਉਸ ਨੂੰ ਯੀਸੂ ਕਹਿੰਦੇ ਹੋਣਗੇ, ਇਹ ਨਾਮ ਭਾਰਤ ਵਿਚ ਆਇਆ ਤਾਂ ਈਸੂ ਬਣ ਗਿਆ। ਭਾਰਤੀ ਤੁਰਤ ਸਮਝ ਗਏ ਕਿ ਈਸੂ, ਈਸ ਦੇ ਵਧੀਕ ਨੇੜੇ ਹੈ, ਈਸ ਮਾਇਨੇ ਈਸ਼ਵਰ। ਭਾਰਤੀਆਂ ਦਾ ਉਸ ਨੂੰ ਈਸਾ ਕਹਿਣਾ ਵਧੀਕ ਸਹੀ ਹੈ। ਜਿਨ੍ਹਾਂ ਮਹਾਨ ਆਤਮਾਵਾਂ ਨੇ ਬੰਦਗੀ ਕੀਤੀ ਉਨ੍ਹਾਂ ਰਾਹੀਂ ਈਸ ਉਪਨਿਸ਼ਦ ਉਤਰਿਆ।
ਗੁਰਜਿਫ ਅਤੇ ਉਸ ਦੀ ਕਿਤਾਬ ਆਲ ਐਂਡ ਐਵਰੀਥਿੰਗ ਬਾਰੇ ਵੀ ਤਾਂ ਕਹਿਣਾ ਸੀ ਕੁਝ। ਨੌਵੇਂ ਨੰਬਰ ਤੇ ਇਸ ਦਾ ਨਾਮ ਲਿਖੋ। ਪਹਿਲਾਂ ਇਸ ਦਾ ਜ਼ਿਕਰ ਇਸ ਕਰਕੇ ਨਹੀਂ ਆਇਆ ਸ਼ਾਇਦ ਕਿ ਇਹ ਅਜੀਬ ਕਿਤਾਬ ਹੈ, ਸਮਝੋ ਕਿ ਪੜ੍ਹਨ ਯੋਗ ਹੀ ਨੀਂ। ਪਹਿਲੇ ਤੋਂ ਲੈਕੇ ਆਖਰੀ ਪੰਨੇ ਤਕ ਮੈਥੋਂ ਸਿਵਾ ਕਿਸੇ ਹੋਰ ਨੇ ਇਹ ਕਿਤਾਬ ਪੜ੍ਹੀ ਹੋਵੇਗੀ ਮੈਂ ਨਹੀਂ ਮੰਨਦਾ। ਮੇਰੇ ਸੰਪਰਕ ਵਿਚ ਗੁਰਜਿਫ ਦੇ ਬਥੇਰੇ ਚੇਲੇ ਆਏ, ਜਿਵੇਂ ਮੈਂ ਇਸ ਨੂੰ ਇਸ ਦੀ ਸੰਪੂਰਨਤਾ ਵਿਚ ਪੜ੍ਹਿਆ, ਹੋਰ ਨਹੀਂ ਪੜ੍ਹ ਸਕਿਆ ਕੋਈ।