

ਬਾਈਥਲ, ਥਰਡ ਰੇਟ ਕਿਤਾਬ। ਦੋ ਹਿਸੇ ਕੰਮ ਦੇ ਨੇ ਇਸ ਵਿਚ ਬਸ, ਪੁਰਾਣੀ ਬਾਈਬਲ ਵਿਚ ਸੁਲੇਮਾਨ ਦਾ ਗੀਤ ਤੇ ਨਵੀਂ ਬਾਈਬਲ ਵਿਚ ਪਹਾੜੀ ਉਪਰ ਉਪਦੇਸ਼। ਇਹ ਦੋ ਪ੍ਰਸੰਗ ਹਟਾ ਦਿੱਤੇ ਜਾਣ ਤਾਂ ਬਾਈਬਲ ਨਿਰਾ ਕਚਰਾ ਹੈ। ਕਾਸ਼, ਉਹ ਮਾੜਾ ਮੋਟਾ ਬੁੱਧ ਨੂੰ, ਚਾਂਗਜ਼ੂ ਨੂੰ, ਨਾਗਾਰਜੁਨ ਨੂੰ, ਕਬੀਰ, ਮਨਸੂਰ... ਨੂੰ ਜਾਣ ਲੈਂਦਾ, ਇਨ੍ਹਾਂ ਸੰਦਾਈਆਂ ਨੂੰ ਰਤਾ ਕੁ ਜਾਣ ਲੈਂਦਾ ਫਿਰ ਉਸ ਦੀ ਕਿਤਾਬ ਵਜ਼ਨਦਾਰ ਹੋ ਜਾਂਦੀ। ਕਿਤਾਬ ਵਿਚ ਕਲਾ ਵਰਤ ਰਹੀ ਹੈ, ਭਰੋਸਾ ਨਹੀਂ। ਕਿਤਾਬ ਵਿਸ਼ਵਾਸਪਾਤਰ ਨਹੀਂ।
ਦੂਜੀ ਕਿਤਾਬ। ਦੂਜੀ ਵੀ ਲਿਨ ਯੂ ਤਾਂਗ ਦੀ ਹੈ ਚੀਨ ਦੀ ਦਾਨਸ਼ਵਰੀ, THE WISDOM OF CHINA. ਲਿਖਣ ਦਾ ਤਰੀਕਾ ਆ ਗਿਆ, ਹੁਣ ਜੋ ਮਰਜੀ ਲਿਖ ਦਏ, ਚੀਨ ਦੀ ਦਾਨਸ਼ਵਰੀ ਲਿਖ ਦਏ ਭਾਵੇਂ। ਲਾਉਤਜ਼ ਵਿਚ ਕੇਵਲ ਚੀਨ ਦੀ ਨਹੀਂ ਵਿਸ਼ਵ ਦੀ ਦਾਨਿਸ਼ਵਰੀ ਮੌਜੂਦ ਹੈ ਪਰ ਲਿਨ ਯੂ ਤਾਂਗ ਨਹੀਂ ਜਾਣਦਾ ਲਾਉਤਰੂ ਨੂੰ। ਲਾਉਤਜੂ ਦੇ ਥੋੜੇ ਕੁ ਵਾਕਾਂ ਦਾ ਦਿੱਤਾ ਹੈ ਹਵਾਲਾ ਲਿਨ ਯੂ ਤਾਂਗ ਨੇ ਪਰ ਇਹ ਉਸ ਤਰ੍ਹਾਂ ਦੇ ਈਸਾਈ ਵਾਕਾਂ ਨਾਲ ਮਿਲਦੇ ਜੁਲਦੇ ਹਨ ਜਿਹੜੇ ਉਸ ਨੇ ਬਚਪਨ ਵਿਚ ਸੁਣੇ, ਸਿਖੇ। ਸਾਫ ਗਲ ਇਹ ਹੈ ਕਿ ਇਹ ਲਾਉਤਜ਼ ਦੇ ਵਾਕ ਹਨ ਈ ਨੀ। ਫਿਰ ਉਹ ਚਾਂਗ ਜੂ ਦੇ ਹਵਾਲੇ ਦਿੰਦੇ ਪਰ ਉਸ ਦੇ ਚੁਣੇ ਹੋਏ ਵਾਕ ਬਾਦਲੀਲ ਹਨ ਜਦੋਂ ਕਿ ਚਾਂਗਜ਼ ਬਾਦਲੀਲ ਸੁਭਾ ਵਾਲਾ ਬੰਦਾ ਹੈ ਈ ਨੀ। ਸੰਸਾਰ ਵਿਚ ਜਿੰਨੇ ਹੁਣ ਤਕ ਹੋਏ ਚਾਂਗ ਜੂ ਸਭ ਤੋਂ ਵਧੀਕ ਊਟਪਟਾਂਗ ਬੰਦਾ ਹੈ।
ਚਾਂਗ ਜੂ ਨਾਲ ਮੇਰਾ ਇਸ਼ਕ ਰਿਹਾ ਹੈ। ਜਦੋਂ ਤੁਸੀਂ ਕਿਸੇ ਉਸ ਬੰਦੇ ਬਾਰੇ ਗਲ ਕਰਦੇ ਹੋ ਜਿਸ ਨਾਲ ਇਸ਼ਕ ਹੋਵੇ ਫਿਰ ਗਲਾਂ ਵਧਾ ਚੜ੍ਹਾ ਕੇ ਹੋ ਈ ਜਾਂਦੀਆਂ ਹਨ ਤੇ ਇਹ ਵੀ ਨੀ ਲਗਦਾ ਕਿ ਵਧਾ ਚੜ੍ਹਾ ਕੇ ਗੱਲ ਹੋ ਰਹੀ ਹੈ। ਚਾਂਗਜ਼ੂ ਦੀ ਲਿਖੀ ਇਕ ਸਾਖੀ ਬਦਲੇ ਮੈਂ ਉਸ ਨੂੰ ਜਹਾਨ ਦਾ ਰਾਜਭਾਗ ਦੇ ਸਕਦਾਂ... ਤੇ ਉਹਨੇ ਸੈਂਕੜੇ ਸਾਖੀਆਂ ਲਿਖੀਆਂ ਹਨ। ਹਰੇਕ ਈ ਸੁਲੇਮਾਨ ਦਾ ਗੀਤ ਹੈ, ਪਹਾੜੀ ਉਪਰ ਉਪਦੇਸ਼ ਹੈ, ਗੀਤਾ ਹੈ। ਹਰੇਕ ਸਾਖੀ ਏਨੀ ਸ਼ਾਨਦਾਰ, ਏਨੀ ਅਮੀਰ, ਏਨੀ ਵਿਆਪਕ ਕਿ ਅਪਰੰਪਾਰ ਹੈ, ਅਥਾਹ ਹੈ।
ਲਿਨ ਯੂ ਤਾਂਗ, ਚਾਂਗ ਚੂ ਦੇ ਹਵਾਲੇ ਦਿੰਦਾ ਹੈ ਪਰ ਈਸਾਈ ਵਾਂਗ, ਪਹੁੰਚੇ ਹੋਏ ਬੰਦੇ ਵਾਂਗ ਨਹੀਂ। ਵਧੀਆ ਲੇਖਕ ਉਹ ਹੈ ਨਿਰਸੰਦੇਹ ਤੇ ਏਸ਼ੀਆਂ ਦੀ ਦਾਨਿਸ਼ਵਰੀ ਉਨ੍ਹਾਂ ਮੁਠੀ ਭਰ ਕਿਤਾਬਾਂ ਵਿਚ ਰੱਖੀ ਜਾ ਸਕਦੀ ਹੈ ਜਿਹੜੀਆਂ ਕਿਸੇ ਦੇਸ ਦੀ ਨੁਮਾਇੰਦਗੀ ਕਰ ਸਕਣ, ਜਿਵੇਂ ਬਰਟਰਡ ਰਸਲ ਦੀ ਪੱਛਮੀ ਫਲਸਫੇ ਦਾ ਇਤਿਹਾਸ, ਮੂਰਹੈੱਡ ਅਤੇ ਰਾਧਾ ਕ੍ਰਿਸ਼ਨ ਦੀ ਮਾਈਂਡ ਆਫ ਇੰਡੀਆ। ਇਤਿਹਾਸ ਦੀ ਕਿਤਾਬ ਹੈ, ਗੁੱਝੇ ਭੇਦ ਨਹੀਂ ਖੋਲ੍ਹਦੀ, ਹੈ ਵਧੀਆ ਤਰੀਕੇ ਨਾਲ ਲਿਖੀ, ਸਹੀ, ਸ਼ੁੱਧ ਲਿਖੀ ਹੋਈ। ਵਿਆਕਰਣ ਸਣੇ ਸਭ ਕੁਝ ਠੀਕ ਹੈ।