

ਪੰਨੇ ਤਾਂ ਇਸ ਦੇ ਥੋੜੇ ਕੁ ਹਨ ਪਰ ਬਹੁਤ ਮਹੱਤਵਪੂਰਨ। ਹਰ ਵਾਕ ਵਿਚ ਪੂਰਾ ਧਰਮ ਗ੍ਰੰਥ ਹੈ ਪਰ ਸਮਝਣਾ ਔਖਾ। ਤੁਸੀਂ ਪੁਛੋਗੇ ਮੈਂ ਕਿਵੇਂ ਸਮਝ ਲਏ? ਪਹਿਲੀ ਗਲ ਤਾਂ ਇਹ ਹੈ ਕਿ ਜਿਵੇਂ ਮਾਰਟਿਨ ਬੂਬਰ ਹਸੀਦ ਪਰਿਵਾਰ ਵਿਚ ਜੰਮਿਆਂ ਸੀ, ਮੈਂ ਇਸ ਪਾਗਲ ਦੀ ਪਰੰਪਰਾ ਵਿਚ ਜੰਮਿਆ। ਉਸ ਦਾ ਨਾਮ ਤਰਨ ਤਾਰਨ ਹੈ। ਇਹ ਉਸ ਦਾ ਅਸਲ ਨਾਮ ਨਹੀਂ ਪਰ ਅਸਲ ਨਾਮ ਕੋਈ ਜਾਣਦਾ ਵੀ ਨਹੀਂ। ਤਰਨ ਤਾਰਨ ਮਾਇਨੇ ਜਿਹੜਾ ਤਾਰ ਦਏ, ਬਚਾ ਲਏ। ਇਹ ਉਸ ਦਾ ਨਾਮ ਹੋ ਗਿਆ।
ਆਪਣੇ ਬਚਪਨ ਵਿਚ ਹੀ ਮੈਂ ਉਸ ਦੀ ਲਿਖਤ ਜ਼ਬਾਨੀ ਯਾਦ ਕਰ ਲਈ, ਉਸ ਦੇ ਗੀਤ ਸੁਣਦਾ, ਹੈਰਾਨ ਹੋਇਆ ਸੋਚਦਾ ਰਹਿੰਦਾ ਕੀ ਮਤਲਬ ਹੋਇਗਾ। ਪਰ ਬੱਚਾ ਅਰਥਾਂ ਦੀ ਪਰਵਾਹ ਨਹੀਂ ਕਰਿਆ ਕਰਦਾ। ਗੀਤ ਸੁਹਣਾ ਸੀ, ਤਾਲ ਵਧੀਆ, ਨਾਚ ਵਧੀਆ, ਬਸ ਹੋਰ ਕੀ ਚਾਹੀਦੈ? ਜਦੋਂ ਬੰਦਾ ਵੱਡਾ ਹੋ ਜਾਏ ਉਦੋਂ ਸਮਝਣ ਦੀ ਲੋੜ ਹੋਇਆ ਕਰਦੀ ਹੈ, ਜਦੋਂ ਬਚਪਨ ਤੋਂ ਹੀ ਇਸ ਸਭ ਕੁਝ ਦਾ ਪਾਠ ਕਰਦੇ ਰਹੀਏ ਤਾਂ ਸਮਝਣ ਬੁੱਝਣ ਦੀ ਕੋਈ ਲੋੜ ਨਹੀਂ ਪੈਂਦੀ, ਬਿਨਾ ਸਮਝਿਆ ਰੂਹ ਵਿਚ ਡੂੰਘੇ ਉਤਰ ਜਾਂਦੇ ਹਨ।
ਤਰਨਤਾਰਨ ਨੂੰ ਮੈਂ ਬੁਧੀ ਰਾਹੀਂ ਨਹੀਂ, ਉਸ ਦੀ ਹੋਂਦ ਰਾਹੀਂ ਸਮਝਿਆ। ਮੈਨੂੰ ਪਤੈ ਉਹ ਕਿਸ ਬਾਰੇ ਗੱਲਾਂ ਕਰਿਆ ਕਰਦਾ ਸੀ। ਜੇ ਮੈਂ ਉਸ ਦੇ ਚੇਲਿਆਂ ਦੇ ਪਰਿਵਾਰ ਵਿਚ ਪੈਦਾ ਨਾ ਹੋਇਆ ਹੁੰਦਾ ਤਾਂ ਵੀ ਮੈਂ ਉਸ ਨੂੰ ਸਮਝ ਲੈਂਦਾ। ਬਹੁਤ ਸਾਰੀਆਂ ਹੋਰ ਪਰੰਪਰਾਵਾਂ ਨੂੰ ਸਮਝ ਲੈਂਦਾ ਹਾਂ, ਭਾਵੇਂ ਮੈਂ ਉਨ੍ਹਾਂ ਸਾਰੀਆ ਵਿਚ ਜੰਮਿਆਂ ਨਹੀਂ। ਮੈਂ ਉਨ੍ਹਾਂ ਪਾਗਲਾਂ ਦੀ ਗਲ ਸਮਝਣ ਗਿਆ ਜਿਨ੍ਹਾਂ ਨੂੰ ਸਮਝਦਾ ਸਮਝਦਾ ਕੋਈ ਖੁਦ ਪਾਗਲ ਹੋ ਜਾਏ। ਮੇਰੀ ਮਿਸਾਲ ਦੇਖੋ, ਮੇਰੇ ਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਹੋਇਆ। ਉਹ ਮੇਰੇ ਤੋਂ ਹੇਠਲੀ ਪੌੜੀ ਤੇ ਰਹਿ ਗਏ। ਮੈਂ ਉਨ੍ਹਾਂ ਸਾਰਿਆਂ ਤੋਂ ਅੱਗੇ ਲੰਘ ਗਿਆ।
ਤਾਂ ਵੀ ਤਰਨ ਤਾਰਨ ਨੂੰ ਮੈਂ ਸਮਝ ਗਿਆ। ਸੰਭਵ ਹੈ ਮੈਂ ਉਸ ਦੇ ਸੰਪਰਕ ਵਿਚ ਨਾ ਆਉਂਦਾ ਕਿਉਂਕਿ ਉਸਦੇ ਚੇਲੇ ਘੱਟ ਸਨ, ਕੁਝ ਕੁ ਹਜ਼ਾਰ ਬਸ, ਮੱਧ ਭਾਰਤ ਵਿਚ ਹਨ। ਏਨੀ ਘੱਟ ਗਿਣਤੀ ਤੋਂ ਸ਼ਰਮਿੰਦੇ ਹੋਣ ਸਦਕਾ ਮੰਨਦੇ ਨਹੀਂ ਕਿ ਤਰਨ ਤਾਰਨ ਦੇ ਚੇਲੇ ਹਾਂ, ਕਹਿੰਦੇ ਨੇ ਜੈਨੀ ਹਾਂ। ਅੰਦਰ ਖਾਤੇ ਉਹ ਭਗਵਾਨ ਮਹਾਂਵੀਰ ਨੂੰ ਨਹੀਂ ਮੰਨਦੇ ਜਿਵੇਂ ਹੋਰ ਜੈਨੀ ਮੰਨਦੇ ਹਨ, ਤਰਨ ਤਾਰਨ ਨੂੰ ਮੰਨਦੇ ਨੇ, ਆਪਣੇ ਫਿਰਕੇ ਦੇ ਮੋਢੀ ਨੂੰ।
ਜੈਨੀਆਂ ਦੀ ਗਿਣਤੀ ਥੋੜੀ ਹੈ, ਕੇਵਲ ਤੀਹ ਲੱਖ ਹਨ। ਦੋ ਫਿਰਕੇ ਹਨ, ਦਿਰਬਰ ਤੇ ਸ਼ਵੇਤਾਂਬਰ। ਦਿਰਬਿਰਾਂ ਦਾ ਕਹਿਣਾ ਹੈ ਕਿ ਮਹਾਂਵੀਰ ਨੰਗਾ ਰਹਿੰਦਾ ਸੀ, ਆਪ ਵੀ ਨੰਗੇ ਰਹਿੰਦੇ ਹਨ। ਦਿਰਬਰ ਮਾਇਨੇ ਉਹ ਜਿਸ ਦਾ ਲਿਬਾਸ ਅਸਮਾਨ ਹੋਵੇ, ਇਸ ਦਾ ਮਤਲਬ ਨੰਗਾ ਹੈ। ਸਭ ਤੋਂ ਪੁਰਾਣਾ ਫਿਰਕਾ ਇਹ ਹੈ।