

ਮੇਰਾ ਪੂਰਾ ਕੰਮ ਇਹੋ ਹੈ, ਸਾਰੇ ਖਿਲਰੇ ਟੁਕੜੇ ਇਕੱਠੇ ਕਰਕੇ ਮਿਲਾ ਕੇ ਇਕ ਸੂਰਤ ਕਾਇਮ ਕਰ ਦੇਣੀ।
ਨੋਵੀਂ। ਖਲੀਲ ਜਿਬਰਾਨ ਦੀ ਮੈਂ ਹਮੇਸ਼ ਸਿਫਤ ਕੀਤੀ। ਨਿਖੇਧੀ ਕਰਨ ਤੋਂ ਪਹਿਲਾਂ ਇਕ ਵਾਰ ਫਿਰ ਪ੍ਰਸ਼ੰਸਾ ਕਰਨੀ ਹੈ। ਫਿਕਰ ਨਾ ਕਰੋ, ਜੇ ਮੈਂ ਨਿਖੇਧੀ ਲਫਜ਼ ਇਸਤੇਮਾਲ ਕਰ ਰਿਹਾਂ ਤਾਂ ਇਸ ਗਲ ਨੂੰ ਮਜ਼ਾਕ ਨਾ ਸਮਝੋ, ਮੈਂ ਗੰਭੀਰਤਾ ਨਾਲ ਕਿਹੈ। ਖਲੀਲ ਜਿਬਰਾਨ ਦੀ ਹੈ ਨੌਵੀਂ ਕਿਤਾਬ ਨਸਰੀ ਨਜ਼ਮਾਂ PROSE POEMS. ਕਮਾਲ। ਰਾਬਿੰਦਰਨਾਥ ਟੈਗੋਰ ਤੋਂ ਇਲਾਵਾ ਆਧੁਨਿਕ ਜਹਾਨ ਵਿਚ ਹੋਰ ਕੋਈ ਇਸ ਤਰ੍ਹਾਂ ਦੀ ਕਾਵਿਮਈ ਵਾਰਤਕ ਨਹੀਂ ਰਚ ਸਕਦਾ, ਚਾਹੇ ਇਸ ਨੂੰ ਨਸਰੀ ਨਜ਼ਮ ਕਹੋ।
ਵਚਿਤਰ ਗਲ ਇਹ ਕਿ ਦੋਹਾਂ ਵਾਸਤੇ ਅੰਗਰੇਜ਼ੀ ਜ਼ਬਾਨ ਪ੍ਰਦੇਸੀ ਹੈ। ਸ਼ਾਇਦ ਇਸੇ ਕਰਕੇ ਉਨ੍ਹਾਂ ਤੋਂ ਇਸ ਤਰ੍ਹਾਂ ਦੀ ਸ਼ਾਇਰਾਨਾ ਜ਼ੁਬਾਨ ਸਿਰਜੀ ਗਈ ਹੋਵੇ। ਉਹ ਵਖਰੀਆਂ ਵਖਰੀਆਂ ਬੋਲੀਆਂ ਵਿਚੋਂ ਆਏ ਹਨ, ਖਲੀਲ ਦੀ ਬੋਲੀ ਅਰਥੀ, ਜੋ ਬੇਅੰਤ ਕਾਵਿਮਈ ਹੈ, ਨਿਰੀ ਸ਼ਾਇਰੀ, ਤੇ ਰਾਬਿੰਦਰਨਾਥ ਦੀ ਬੰਗਾਲੀ ਜੋ ਅਰਬੀ ਤੌਂ ਵੀ ਵਧੀਕ ਸੰਗੀਤਮਈ, ਕਾਵਿਮਈ ਹੈ। ਕਦੀ ਦੋ ਬੰਗਾਲੀਆਂ ਨੂੰ ਲੜਦੇ ਦੇਖੋ, ਹੈਰਾਨ ਹੋ ਜਾਉਗੇ ਕਿ ਇਹ ਤਾਂ ਪਿਆਰ ਭਰੇ ਬੋਲ ਬੋਲ ਰਹੇ ਹਨ। ਤੁਹਾਨੂੰ ਅੰਦਾਜ਼ਾ ਹੀ ਨਹੀਂ ਹੋ ਸਕਦਾ ਕਿ ਲੜ ਰਹੇ ਹਨ। ਬੰਗਲਾ, ਲੜਾਈ ਦੌਰਾਨ ਵੀ ਸ਼ਾਇਰਾਨਾ ਜ਼ਬਾਨ ਰਹਿੰਦੀ ਹੈ।
ਇਸ ਗੱਲ ਦਾ ਮੈਨੂੰ ਜਾਤੀ ਤਜਰਬਾ ਹੈ। ਮੈਂ ਬੰਗਾਲ ਸਾਂ, ਲੋਕ ਲੜਦੇ ਦੇਖੇ, ਨਿਰੀ ਸ਼ਾਇਰੀ, ਮੈਂ ਹੈਰਾਨ ਰਹਿ ਗਿਆ। ਜਦੋਂ ਮੈਂ ਮਹਾਂਰਾਸ਼ਟਰ ਗਿਆ, ਲੋਕ ਗੱਲਾਂ ਕਰਦੇ ਦੇਖੇ, ਮੈਂ ਚਿੰਤਾ ਵਿਚ ਪੈ ਗਿਆ ਕਿ ਲੜ ਰਹੇ ਨੇ। ਪੁਲਸ ਨਾ ਬੁਲਾਈਏ?ਮਰਾਠੀ ਇਸ ਤਰ੍ਹਾਂ ਦੀ ਜ਼ਬਾਨ ਹੈ ਕਿ ਇਸ ਵਿਚ ਮਿਠਾਸ ਨਹੀਂ। ਇਹ ਰੁਖੀ ਹੈ, ਸਖਤ ਹੈ, ਲੜਾਕੂ ਖਾੜਕੂ ਬੋਲੀ ਹੈ।
ਹੈਰਾਨੀ ਹੈ ਕਿ ਅੰਗਰੇਜ਼ਾਂ ਨੇ ਖਲੀਲ ਜਿਬਰਾਨ ਅਤੇ ਰਾਬਿੰਦਰਨਾਥ ਟੈਗੋਰ ਨੂੰ ਪਸੰਦ ਕੀਤਾ, ਦਾਦ ਦਿੱਤੀ ਪਰ ਅੰਗਰੇਜ਼ਾਂ ਨੇ ਇਨ੍ਹਾਂ ਤੋਂ ਸਿਖਿਆ ਕੁਝ ਨਹੀਂ। ਅੰਗਰੇਜ਼ਾਂ ਨੂੰ ਪਤਾ ਨਹੀਂ ਲੱਗਾ ਇਨ੍ਹਾਂ ਦੀ ਸਫਲਤਾ ਦਾ ਕੀ ਰਾਜ਼ ਹੈ। ਉਨ੍ਹਾਂ ਨੂੰ ਪਤਾ ਨਹੀਂ ਕਿ ਦੋਹਾਂ ਅੰਦਰ ਸ਼ਾਇਰੀ ਹੈ।
ਦਸਵੀਂ। ਦਸਵੀਂ ਖਲੀਲ ਜਿਬਰਾਨ ਦੀ ਉਹ ਕਿਤਾਬ ਹੈ ਜਿਸ ਨੂੰ ਮੈਂ ਨਿੰਦਣਾ ਚਾਹਿਆ, ਨਹੀਂ ਨਿੰਦਿਆ ਕਿਉਂਕਿ ਲੇਖਕ ਬਹੁਤ ਵਧੀਐ। ਪਰ ਨਿੰਦਿਆ ਕਰਨੀ ਪੈਣੀ ਹੈ ਹੁਣ, ਤਾਂ ਕਿ ਸਨਦ ਰਹੇ ਕਿ ਮੈਂ ਉਸ ਬੰਦੇ ਨੂੰ ਵੀ ਨਿੰਦ ਸਕਦਾਂ ਜਿਸ ਨੂੰ ਪਿਆਰ ਕਰਦਾਂ। ਜੇ ਉਸ ਦੇ ਲਫਜ਼ਾ ਵਿਚ ਸੱਚ ਨਹੀਂ ਦਿਖਾਈ ਦਿੰਦਾ ਤਾਂ ਨਿੰਦਣਾ ਪਏਗਾ।