

ਕਿਤਾਬ ਦਾ ਨਾਮ ਹੈ ਵਿਚਾਰ ਅਤੇ ਬੰਦਗੀ THOUGHTS AND MEDITATIONS. ਇਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ, ਇਸੇ ਕਿਤਾਬ ਤੋਂ ਜਾਣਿਆਂ ਕਿ ਖਲੀਲ ਜਿਬਰਾਨ ਨੂੰ ਬੰਦਗੀ ਬਾਰੇ ਭੋਰਾ ਪਤਾ ਨਹੀਂ। ਇਸ ਕਿਤਾਬ ਵਿਚਲੀ ਦਰਜ ਬੰਦਗੀ ਹੋਰ ਕੁਝ ਨਹੀਂ ਕੇਵਲ ਅਧਿਐਨ ਹੈ। ਅਧਿਐਨ ਦਾ ਰਿਸ਼ਤਾ ਵਿਚਾਰਾਂ ਨਾਲ ਹੈ। ਆਸ਼ੂ ਤੂੰ ਕੁਝ ਨਹੀਂ ਲੈਣਾ ਦੇਣਾ ਵਿਚਾਰਾਂ ਤੋਂ, ਤੂੰ ਬੰਦਗੀ ਕਰ, ਮੇਰੇ ਨਾਲ ਰਲ ਕੇ, ਖਲੀਲ ਜਿਬਰਾਨ ਨਾਲ ਰਲਕੇ ਨਹੀਂ। ਉਪਰ ਉਠ। ਜੇ ਤੂੰ ਪ੍ਰਾਪਤੀ ਨਾ ਕੀਤੀ ਫਿਰ ਮੈਂ ਪ੍ਰਵਚਨ ਕਰਨੇ ਛਡ ਦਿਆਂਗਾ। ਮੈਂ ਹਰ ਹਾਲ ਆਪਣੀ ਵਿਆਪਕ ਰੂਹਾਨੀਅਤ ਜਬਰਨ ਤੁਹਾਡੇ ਤੇ ਠੋਸਾਂਗਾ। ਕਿਸੇ ਬੁੱਧ ਨੇ ਅਗੇ ਇਸ ਤਰ੍ਹਾਂ ਨਹੀਂ ਕੀਤਾ। ਮੈਂ ਹੀਰੋ ਬਣਨਾ ਹੈ, ਮਹਾਂ ਨਾਇਕ।
ਇਸ ਦਸਵੀਂ ਕਿਤਾਬ ਦੇ ਮੈਂ ਖਿਲਾਫ ਹਾਂ ਕਿਉਂਕਿ ਮੈਂ ਵਿਚਾਰ ਕਰਨ ਵਿਰੁੱਧ ਹਾਂ। ਇਸ ਕਰਕੇ ਵੀ ਇਸਦੇ ਵਿਰੁੱਧ ਹਾਂ ਕਿਉਂਕਿ ਖਲੀਲ ਨੇ ਬੰਦਗੀ ਸ਼ਬਦ ਉਸੇ ਤਰ੍ਹਾਂ ਵਰਤਿਆ ਹੈ ਜਿਵੇਂ ਪੱਛਮੀ ਲੋਕ ਵਰਤਦੇ ਹਨ। ਪੱਛਮ ਵਿਚ ਬੰਦਗੀ ਉਸ ਨੂੰ ਕਹਿੰਦੇ ਹਨ ਜਿਸ ਰਾਹੀਂ ਚਿੰਤਨ ਕੇਂਦਰਿਤ ਕਰਕੇ ਇਕ ਥਾਂ ਤੇ ਜਮਾ ਦਿਤਾ ਜਾਵੇ। ਇਹ ਕਦੋਂ ਹੈ ਬੰਦਗੀ? ਪੂਰਬ ਵਿਚ ਬੰਦਗੀ ਉਹ ਅਵਸਥਾ ਹੈ ਜਿਥੇ ਸੋਚਣਾ ਖਤਮ ਹੋ ਜਾਵੇ। ਇਸ ਬਾਰੇ, ਉਸ ਬਾਰੇ, ਕਿਸੇ ਬਾਰੇ ਨਹੀਂ ਸੋਚਣਾ। ਇਹ ਵਸਤੂਪਰਕ ਨਹੀਂ ਹੈ, ਕਿਤੇ ਵਸਤੂ ਨਹੀਂ, ਸ਼ੁੱਧ ਆਤਮਪਰਕ ਹੈ। ਸੋਰਿਨ ਕਿਰਕਗਾਰਦ ਨੇ ਕਿਹਾ- ਆਦਮੀ ਦੀ ਅੰਦਰਲੀ ਪਰਤ ਸ਼ੁੱਧ ਆਤਮਪਰਕ ਹੈ। ਇਸੇ ਨੂੰ ਬੰਦਗੀ ਕਹਿੰਦੇ ਹਨ।
ਅਧਿਆਇ ਪੰਦਰਵਾਂ
ਠੀਕ ਹੈ। ਭੂਲੀਆਂ ਵਿਸਰੀਆਂ ਕਿਤਾਬਾਂ ਵਿਚੋਂ ਅੱਜ ਜਿਸ ਦਾ ਜ਼ਿਕਰ ਕਰਾਂਗਾ ਉਸ ਬਾਰੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਇਹ ਮਹਾਤਮਾਂ ਗਾਂਧੀ ਦੀ ਸ੍ਵੈਜੀਵਨੀ ਹੈ, ਸੱਚ ਨਾਲ ਮੇਰੇ ਤਜਰਬੇ MY EXPERIMENTS WITH TRUTH. ਉਸ ਦੇ ਸੱਚ ਨਾਲ ਕੀਤੇ ਤਜਰਬੇ ਵਾਕਈ ਕਮਾਲ ਦੇ ਹਨ। ਇਸ ਬਾਰੇ ਗਲ ਕਰਨ ਦੀ ਘੜੀ ਆ ਗਈ ਹੈ।
ਆਸ਼ੂ ਤੂੰ ਲਿਖੀ ਚਲ, ਨਹੀਂ ਤਾਂ ਮੈਂ ਮਹਾਤਮਾ ਗਾਂਧੀ ਵਿਰੁੱਧ ਬੋਲਣ ਲਗ ਜਾਵਾਂਗਾ। ਇਸ ਵਿਚਾਰੇ ਤੇ ਮੈਨੂੰ ਤਰਸ ਕਰਨਾ ਚਾਹੀਦੈ। ਹੁਣ ਤਕ ਤਾਂ ਮੈਂ ਕਿਸੇ ਤੇ ਕਦੀ ਤਰਸ ਨਹੀਂ ਕੀਤਾ। ਮੈਂ ਗਾਂਧੀ ਬਾਰੇ ਰਤਾ ਨਰਮ ਹੋਣਾ ਚਾਹੁੰਨਾ, ਮੇਰੀ ਮਦਦ ਕਰ... ਪਰ ਇਹ ਵੀ ਜਾਣਦਾ ਕਿ ਮੈਥੋਂ ਕੀਤਾ ਨਹੀਂ ਜਾਣਾ ਤਰਸ ਤੁਰਸ।
ਪਰ ਮੈਂ ਕੁਝ ਸੁਹਣੀਆਂ ਗੱਲਾਂ ਕਰ ਸਕਦਾਂ ਉਸ ਬਾਬਤ। ਪਹਿਲੀ ਤਾਂ ਇਹੀ ਕਿ ਇਨੀ ਈਮਾਨਦਾਰੀ ਨਾਲ, ਪ੍ਰਮਾਣਿਕਤਾ ਨਾਲ ਕਿਸੇ ਨੇ ਆਪਣੀ ਸ੍ਵੈਜੀਵਨੀ ਨਹੀਂ ਲਿਖੀ। ਹੁਣ ਤਕ ਲਿਖੀਆਂ ਗਈਆਂ ਆਤਮਕਥਾਵਾਂ ਵਿਚੋਂ ਇਹ ਅਤਿਅਧਿਕ ਪ੍ਰਮਾਣਿਕ ਹੈ।