

ਤੀਜੀ ਲਿਓ ਤੋਲਸਤੋਇ ਦੀ ਅੱਨਾ ਕ੍ਰੈਨਿਨਾ ਹੈ, ਛੋਟਾ ਪਰ ਗਜ਼ਬ ਦਾ ਨਾਵਲ। ਤੁਹਾਨੂੰ ਅਜੀਬ ਲਗੇਗਾ ਮੈਂ ਲਿਸਟ ਵਿਚ ਨਾਵਲ ਕਿਉਂ ਲਿਖ ਰਿਹਾਂ। ਇਸ ਕਰਕੇ ਕਿਉਂਕਿ ਪਾਗਲ ਹਾਂ। ਮੈਨੂੰ ਸਭ ਤਰ੍ਹਾਂ ਦੀਆਂ ਚੀਜ਼ਾ ਪਸੰਦ ਨੇ। ਅੱਨਾ ਕੁਨੈਨਾ ਉਨ੍ਹਾਂ ਕਿਤਾਬਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਸਭ ਤੋਂ ਵਧੀਕ ਪਿਆਰ ਕੀਤਾ। ਯਾਦ ਨਹੀਂ ਕਿੰਨੀ ਵਾਰ ਪੜ੍ਹ ਚੁਕਿਆਂ। ਕਿਤਾਬ ਯਾਦ ਹੋ ਗਈ, ਕਿੰਨੀ ਵਾਰ ਪੜ੍ਹੀ ਯਾਦ ਨਹੀਂ। ਸਾਰੀ ਕਿਤਾਬ ਜ਼ਬਾਨੀ ਸੁਣਾ ਸਕਦਾਂ।
ਦੇਖੋ, ਆਸ਼ੂ ਨੇ ਹਉਕਾ ਲਿਐ, ਫਿਕਰਮੰਦ ਹੋਈ ਲਗਦੀ ਹੈ : ਕਿਤੇ ਇਹ ਪਾਗਲ ਪੂਰਾ ਅੱਨਾਕ੍ਰਿਨਿਨਾ ਸੁਣਾਉਣ ਨਾ ਲਗ ਪਏ। ਨਹੀਂ ਆਸ਼ੂ, ਘਬਰਾ ਨਾਂ, ਇਉਂ ਨੀ ਕਰਦਾ। ਹੋਰ ਕਈ ਕੰਮ ਬਕਾਇਆ ਪਏ ਹਨ ਕਰਨ ਵਾਲੇ। ਸੁਣਾਵਾਂਗਾ ਕਿਸੇ ਦਿਨ, ਹੁਣ ਨੀਂ।
ਜੇ ਮੈਂ ਸਮੁੰਦਰ ਵਿਚ ਡੁੱਬਣ ਲੱਗਾਂ ਕੋਈ ਮੈਨੂੰ ਪੁਛੇ ਦੁਨੀਆਂ ਵਿਚ ਲਿਖੇ ਲੱਖਾਂ ਨਾਵਲਾਂ ਵਿਚੋਂ ਕਿਹੜਾ ਲਿਜਾਣੈ, ਮੈਂ ਅੰਨਾ ਕੰਨਿਨਾ ਚੁਣਾਂ। ਇਸ ਕਿਤਾਬ ਨੂੰ ਆਪਣੇ ਕੋਲ ਰੱਖਣਾ ਸ਼ਾਨਦਾਰ ਫੈਸਲਾ ਹੈ। ਇਹ ਕਿਤਾਬ ਬਾਰ ਬਾਰ ਪੜ੍ਹਨੀ ਪਏਗੀ ਤਾਂ ਤੁਹਾਨੂੰ ਇਸ ਦੀ ਸਮਝ ਆਏਗੀ, ਖੁਸ਼ਬੂ ਲੈ ਸਕੋਗੇ, ਸੁਆਦ ਚੱਖ ਸਕੋਗੇ, ਮਹਿਸੂਸ ਕਰ ਸਕੋਗੇ। ਆਮ ਨਹੀਂ ਇਹਕਿਤਾਬ।
ਜਿਵੇਂ ਮਹਾਤਮਾ ਗਾਂਧੀ ਬਤੌਰ ਸਾਧੂ ਫੇਲ ਹੋਇਆ ਉਸ ਤਰ੍ਹਾਂ ਤੋਲਸਤੋਇ ਫੇਲ ਹੋ ਗਿਆ ਪਰ ਤੋਲਸਤੋਇ ਮਹਾਨ ਨਾਵਲਸਿਟ ਸੀ। ਮਹਾਤਮਾ ਗਾਂਧੀ ਬਤੌਰ ਈਮਾਨਦਾਰ ਮਨੁਖ ਸਫਲ ਹੋਇਆ ਤੇ ਹਮੇਸ਼ ਸਫਲ ਮੰਨਿਆ ਜਾਏਗਾ। ਇਸ ਸਦੀ ਵਿਚ ਉਸ ਵਰਗਾ ਕੋਈ ਹੋਰ ਬੰਦਾ ਈਮਾਨਦਾਰ ਹੋਇਆ ਹੋਵੇ ਮੈਂ ਨੀ ਜਾਣਦਾ। ਖਤਾਂ ਵਿਚ ਜਦੋਂ ਉਹ ਲਿਖਦਾ- ਤੁਹਾਡਾ ਵਿਸ਼ਵਾਸ ਪਾਤਰ ਉਦੋਂ ਉਹ ਹੁੰਦਾ ਸੀ ਵਿਸ਼ਵਾਸ ਕਰਨ ਯੋਗ। ਜਦੋਂ ਤੁਸੀਂ ਕਿਸੇ ਨੂੰ ਖਤ ਦੇ ਅਖੀਰ ਵਿਚ ਲਿਖਦੇ ਹੋ- ਆਪਦਾ ਵਿਸ਼ਵਾਸਪਾਤਰ ਉਦੋਂ ਤੁਸੀਂ ਜਾਣਦੇ ਹੁੰਨੇ ਓ, ਸਭ ਨੂੰ ਪਤਾ ਹੁੰਦੈ, ਜਿਸ ਨੂੰ ਖਤ ਲਿਖਿਆ ਹੁੰਦੈ ਉਹ ਵੀ ਜਾਣਦਾ ਹੁੰਦੇ ਕਿ ਇਹ ਬਕਵਾਸ ਲਿਖਿਐ। ਕਿਸੇ ਦਾ ਵਿਸ਼ਵਾਸ ਪਾਤਰ ਹੋਣਾ ਮੁਸ਼ਕਲ ਹੈ, ਲਗਭਗ ਅਸੰਭਵ। ਵਿਸ਼ਵਾਸ ਪਾਤਰ ਹੋ ਜਾਉਗੇ ਫਿਰ ਤਾਂ ਤੁਸੀਂ ਧਰਮੀ ਹੋ ਜਾਵੋਗੇ।
ਲਿਓ ਤੋਲਸਤੋਇ ਨੇ ਧਰਮੀ ਹੋਣਾ ਚਾਹਿਆ, ਨਹੀਂ ਹੋ ਸਕਿਆ। ਉਸ ਦੀਆਂ ਕੋਸ਼ਿਸ਼ਾਂ ਨਾਲ ਮੈਨੂੰ ਪੂਰੀ ਹਮਦਰਦੀ ਹੈ ਪਰ ਨਹੀਂ ਸੀ ਉਹ ਧਾਰਮਿਕ। ਉਸ ਨੂੰ ਕਈ ਜੂਨਾ ਹੋਰ ਉਡੀਕ ਕਰਨੀ ਪਏਗੀ। ਇਕ ਗਲੋਂ ਇਹ ਠੀਕ ਵੀ ਹੈ ਕਿ ਉਹ ਮੁਕਤਾਨੰਦ ਵਾਂਗ ਧਾਰਮਿਕ ਨਹੀਂ ਹੋਇਆ ਕਿਉਂਕਿ ਫਿਰ ਉਸ ਤੋਂ ਮੋਇਆਂ ਦੀ ਜਾਗ, ਜੰਗ ਤੇ ਅਮਨ, ਅੱਨਾ ਕੁਨੈਨਾ ਲਿਖਣੋ ਰਹਿ ਜਾਣੀਆਂ ਸਨ, ਦਰਜਣਾਂ ਹੋਰ ਸੁਹਣੀਆਂ, ਬੇਹੱਦ ਖੂਬਸੂਰਤ ਕਿਤਾਬਾਂ ਤੋਂ ਆਪਾਂ ਵੰਚਿਤ ਰਹਿ ਜਾਂਦੇ। ਫਿਰ ਤਾਂ ਬਸ ਉਹ ਇਕ ਹੋਰ ਇਡੀਅਟਨੰਦ ਹੁੰਦਾ, ਹੋਰ ਕੁਝ ਨਹੀਂ।