

ਕੀਤੀ। ਤੰਤਰ ਨੂੰ ਅਨੇਕ ਵਿਦਵਾਨਾ, ਫਿਲਾਸਫਰਾਂ, ਪੇਂਟਰਾਂ, ਲੇਖਕਾਂ, ਸ਼ਾਇਰਾਂ ਦੀ ਲੋੜ ਹੈ ਤਾਂ ਕਿ ਸਨਾਤਨ ਵਿਦਿਆ ਮੁੜ ਸੁਰਜੀਤ ਹੋਵੇ, ਤੂੰ ਇਸ ਪਾਸੇ ਕੁਝ ਕੰਮ ਕੀਤਾ।
ਛੇਵੀਂ ਕਿਤਾਬ ਦਾ ਜ਼ਿਕਰ ਕਰਨਾ ਚਾਹਿਆ ਹਮੇਸ਼, ਸਵੇਰ ਵੇਲੇ ਅੰਗਰੇਜ਼ੀ ਵਿਚ ਜਿਹੜੇ ਪ੍ਰਵਚਨ ਕਰਿਆਂ ਕਰਦਾਂ ਉਥੇ ਇਸ ਦਾ ਜ਼ਿਕਰ ਆਇਆ ਕਰਦੇ। ਹਿੰਦੀ ਵਿਚ ਵੀ ਇਸ ਬਾਰੇ ਗੱਲਾਂ ਹੋਈਆਂ, ਉਨ੍ਹਾਂ ਦਾ ਅਨੁਵਾਦ ਹੋਵੇ। ਕਿਤਾਬ ਸ਼ੰਕਰਾਚਾਰੀਆ ਦੀ ਹੈ, ਹੁਣ ਵਾਲੇ ਮੂਰਖ ਸ਼ੰਕਰਾਚਾਰੀਆ ਦੀ ਨਹੀਂ, ਆਦਿ ਸ਼ੰਕਰਾਚਾਰੀਆ ਦੀ, ਅਸਲੀ ਦੀ।
ਹਜ਼ਾਰ ਸਾਲ ਪੁਰਾਣੀ ਕਿਤਾਬ ਵਿਚ ਇਕ ਛੋਟੇ ਗੀਤ ਤੋਂ ਇਲਾਵਾ ਹੋਰ ਕੁਝ ਨਹੀਂ- ਭਜ ਗੋਵਿੰਦਮ ਮੂੜ ਮਤੇ। ਓ ਮੂਰਖ... ਦੇਵਗੀਤ ਧਿਆਨ ਨਾਲ ਸੁਣ ਮੈਂ ਤੈਨੂੰ ਕੁਝ ਨਹੀਂ ਕਿਹਾ, ਇਹ ਤਾਂ ਕਿਤਾਬ ਦਾ ਟਾਈਟਲ ਹੈ... ਭਜ ਗੋਵਿੰਦਮ, ਮਾਲਕ ਦਾ ਗੀਤ ਗਾ ਮੂੜ ਮਤੇ, ਓ ਮੂਰਖ। ਓ ਮੂਰਖ, ਮਾਲਕ ਦਾ ਗੀਤ ਗਾ।
ਮੂਰਖ ਕਿਥੇ ਸੁਣਦੇ ਨੇ ? ਕਿਸੇ ਦੀ ਗੱਲ ਨੀਂ ਸੁਣਦੇ, ਬੋਲੇ ਹਨ। ਸੁਣਦੇ ਹਨ ਤਾਂ ਸਮਝਦੇ ਨਹੀਂ। ਮਹਾਂ ਢੱਗੇ ਹਨ, ਸਮਝ ਜਾਣ ਤਾਂ ਕਹੇ ਅਨੁਸਾਰ ਚਲਦੇ ਨਹੀਂ, ਜਦੋਂ ਤਕ ਚਲਦੇ ਨਹੀਂ ਉਦੋਂ ਤਕ ਸਮਝਣਾ ਫਜ਼ੂਲ ਹੈ। ਸਮਝ ਨੂੰ ਉਦੋਂ ਸਮਝ ਕਿਹਾ ਜਾਂਦੈ ਜਦੋਂ ਉਸ ਉਪਰ ਅਮਲ ਕੀਤਾ ਜਾਏ।
ਸ਼ੰਕਰਾਚਾਰੀਆ ਨੇ ਕਈ ਕਿਤਾਬਾਂ ਲਿਖੀਆਂ ਪਰ ਉਸ ਦੇ ਇਸ ਗੀਤ- ਭਜ ਗੋਵਿੰਦਮ ਮੂੜ ਮਤੇ ਵਰਗੇ ਗੀਤ ਜਿਹੀ ਕੋਈ ਨਹੀਂ। ਉਸ ਦੇ ਇਨ੍ਹਾਂ ਤਿੰਨ ਚਾਰ ਸ਼ਬਦਾਂ ਉਪਰ ਮੈਂ ਲੰਮੇ ਪ੍ਰਵਚਨ ਕੀਤੇ ਹਨ, ਲਗਭਗ ਤਿੰਨ ਸੌ ਪੰਨਿਆਂ ਵਿਚ ਫੈਲੇ ਹੋਏ। ਤੁਹਾਨੂੰ ਪਤੈ ਗੀਤ ਗਾਉਣੇ ਮੈਨੂੰ ਕਿੰਨੇ ਚੰਗੇ ਲਗਦੇ ਨੇ। ਸੰਭਵ ਹੋਵੇ ਤਾਂ ਮੈਂ ਅੰਤ ਤਕ ਗੀਤ ਈ ਗਾਈ ਜਾਵਾਂ। ਇਥੇ ਮੈਂ ਸੋਚਿਆ ਘੱਟੋ ਘੱਟ ਜ਼ਿਕਰ ਤਾਂ ਕਰਦਿਆਂ।
ਸੱਤਵੀਂ ਫਿਰ ਲੁਡਵਿਗ ਵਿਟਜੰਸਟੀਨ ਦੀ ਕਿਤਾਬ ਹੈ। ਮੇਰੇ ਇਸ਼ਕ ਪੇਚਿਆਂ ਵਿਚ ਉਹ ਵੀ ਹੈ। ਕਿਤਾਬ ਦਾ ਨਾਮ ਹੈ ਦਾਰਸ਼ਨਿਕ ਪਰਚੇ, PHILOSOPHICAL PAPERS. ਇਹ ਵਾਸਤਵ ਵਿਚ ਕਿਤਾਬ ਨਹੀਂ, ਵਖ ਵਖ ਸਮੇਂ ਲਿਖੇ ਛਪੇ ਲੇਖਾਂ ਦਾ ਸੰਗ੍ਰਹਿ ਹੈ। ਹਰੇਕ ਲੇਖ ਵਧੀਆ ਹੈ। ਵਿਟਜੰਸਟੀਨ ਹਲਕਾ ਕੰਮ ਕਰ ਹੀ ਨਹੀਂ ਸਕਦਾ। ਬੇਦਲੀਲ ਹੋਣ ਬਿਨਾ ਉਸ ਵਿਚ ਸੁੰਦਰਤਾ ਪੈਦਾ ਕਰਨ ਅਤੇ ਵਾਰਤਕ ਵਿਚ ਕਵਿਤਾ ਲਿਖਣ ਦੀ ਸਮਰੱਥਾ ਹੈ। ਮੇਰਾ ਖਿਆਲ ਹੈ ਉਸ ਨੇ ਕਦੀ ਨਹੀਂ ਸੋਚਿਆ ਹੋਣਾ ਕਿ ਉਹ ਕਵੀ ਹੈ ਪਰ ਮੈਂ ਉਸ ਨੂੰ ਪਹਿਲੀ ਸ਼੍ਰੇਣੀ ਦੇ ਸ਼ਾਇਰਾਂ ਵਿਚ ਹੋਣ ਦਾ ਐਲਾਨ ਕਰਦਾ ਹਾਂ। ਉਹ ਕਾਲੀਦਾਸ, ਸ਼ੈਕਸਪੀਅਰ, ਮਿਲਟਨ ਤੇ ਗੇਟੇ ਦੀ ਸ਼੍ਰੇਣੀ ਵਿਚ ਆਉਂਦਾ ਹੈ।