

ਗੁਰਜਿਫ ਰਫੂਜੀ ਕੈਂਪ ਵਿਚ। ਸੋਚੋ ਤਾਂ ਸਹੀ, ਯਕੀਨ ਨੀ ਆਉਂਦਾ ਮਨੁਖਤਾ ਏਨੀ ਹੇਠਾਂ ਤਕ ਡਿਗ ਸਕਦੀ ਹੈ। ਬੁੱਧ, ਗੁਰਜਿਫ, ਈਸਾ ਜਾਂ ਬੋਧੀਧਰਮਾ ਨੂੰ ਰਫੂਜੀ ਕੈਂਪ ਵਿਚ ਸੁੱਟ ਦੇਣਾ... ਜਦੋਂ ਬੈਨਿਟ ਨੇ ਉਸ ਨੂੰ ਲੱਭਿਆ, ਗੁਰਜਿਫ ਖਾਣਾ ਲੈਣ ਲਈ ਕਤਾਰ ਵਿਚ ਖਲੋਤਾ ਸੀ। ਦਿਨ ਵਿਚ ਇਕ ਵਾਰ ਖਾਣਾ ਮਿਲਦਾ, ਕਤਾਰ ਲੰਮੀ ਸੀ। ਰੂਸ ਵਿਚੋਂ ਹਜ਼ਾਰਾਂ ਬੰਦੇ ਭੱਜ ਕੇ ਰਫੂਜੀ ਹੋ ਗਏ ਸਨ ਕਿਉਂਕਿ ਬਿਨਾ ਕਿਸੇ ਕਾਰਨ ਦੇ ਉਨ੍ਹਾਂ ਨੂੰ ਮਾਰੀ ਜਾ ਰਹੇ ਸਨ, ਕਿਸ ਨੂੰ ਮਾਰ ਰਹੇ ਨੇ, ਕਿਉਂ ਮਾਰ ਰਹੇ ਨੇ, ਕੋਈ ਪਤਾ ਨੀਂ। ਇਹ ਜਾਣਕੇ ਤੁਹਾਨੂੰ ਹੈਰਾਨੀ ਹੋਇਗੀ ਕਿ ਉਨ੍ਹਾਂ ਨੇ ਇਕ ਕਰੋੜ ਰੂਸੀ ਮਾਰ ਦਿੱਤੇ ਸਨ।
ਬੈਨਿਟ ਨੇ ਗੁਰਜਿਫ ਕਿਵੇਂ ਲੱਭਿਆ? ਚੇਲਿਆਂ ਵਿਚ ਬੈਠਾ ਹੋਵੇ ਫਿਰ ਉਸ ਨੂੰ ਪਛਾਣਨਾ ਕੀ ਔਖਾ? ਬੈਨਿਟ ਨੇ ਉਸ ਨੂੰ ਲੀਰੋ ਲੀਰ ਗੰਦੇ ਕੱਪੜੇ ਪਹਿਨੇ ਹੋਏ ਨੂੰ ਪਛਾਣ ਲਿਆ। ਕਤਾਰ ਵਿਚ ਖਲੌਤੇ ਬੰਦੇ ਨੂੰ ਕਿਵੇਂ ਪਛਾਣਿਆ? ਅੱਖਾਂ ਕਰਕੇ ਉਹ ਅੱਖਾਂ ਕਿੱਧਰ ਛੁਪਦੀਆਂ? ਆਦਮੀ ਭਾਵੇਂ ਰਾਜ ਸਿੰਘਾਸਨ ਤੇ ਬੈਠਾ ਹੋਵੇ ਚਾਹੇ ਰਫੂਜੀ ਕੈਂਪ ਵਿਚ ਖਾਣਾ ਮੰਗੇ, ਅੱਖਾਂ ਤਾਂ ਉਹੀ ਰਹਿੰਦੀਆਂ ਨੇ। ਬੈਨਿਟ ਗੁਰਜਿਫ ਨੂੰ ਪੱਛਮ ਵਿਚ ਲੈ ਗਿਆ।
ਵਿਚਾਰੇ ਬੈਨਿਟ ਦਾ ਇਸ ਉਪਕਾਰ ਸਦਕਾ ਕੋਈ ਸ਼ੁਕਰਾਨਾ ਨਹੀਂ ਕਰਦਾ, ਕਰਨਾ ਵੀ ਨਹੀਂ, ਉਹ ਡਾਵਾਂਡੋਲ ਜਿਹੀ ਸ਼ਖਸੀਅਤ ਸੀ। ਜਿਨਾ ਚਿਰ ਗੁਰਜਿਫ ਜਿਉਂਦਾ ਰਿਹਾ, ਬੈਨਿਟ ਨੇ ਬੇਵਫਾਈ ਨਹੀਂ ਕੀਤੀ, ਕਰਨ ਦੀ ਹਿੰਮਤ ਨਹੀਂ ਸੀ। ਉਹ ਅੱਖਾਂ ਗਜ਼ਬ ਸਨ ਨਾ, ਦੋ ਵਾਰੀ ਇਨ੍ਹਾਂ ਅੱਖਾਂ ਨੇ ਉਸ ਉਪਰ ਕਹਿਰ ਢਾਹਿਆ। ਗੁਰਜਿਫ ਉਪਰ ਉਸ ਨੇ ਜਿਹੜੀ ਕਿਤਾਬ ਲਿਖੀ ਉਸ ਵਿਚ ਜ਼ਿਕਰ ਕਰਦੈ। ਕਿਤਾਬ ਖਾਸ ਨਹੀਂ, ਤਾਂ ਹੀ ਮੈਂ ਇਸ ਨੂੰ ਆਪਣੀ ਲਿਸਟ ਵਿਚ ਨਹੀਂ ਰੱਖਿਆ, ਬਸ ਉਸਦਾ ਹਵਾਲਾ ਦੇਣਾ ਹੈ, ਬੈਨਿਟ ਕਹਿੰਦੇ- ਲੰਮਾ ਸਫਰ ਤੈਅ ਕਰਕੇ ਮੈਂ ਗੁਰਜਿਫ ਕੋਲ ਥੱਕਿਆ ਟੁੱਟਿਆ ਪੁੱਜਾ। ਮੈਂ ਬਿਮਾਰ ਸਾਂ, ਬਹੁਤ ਕਮਜ਼ੋਰ, ਲਗਦਾ ਸੀ ਮਰ ਜਾਣੈ। ਮੈਂ ਉਸ ਕੋਲ ਦੁਬਾਰਾ ਇਸ ਕਰਕੇ ਗਿਆ ਤਾਂ ਕਿ ਮਰਨ ਤੋਂ ਪਹਿਲਾਂ ਉਹੀ ਅੱਖਾਂ ਇਕ ਵਾਰ ਫਿਰ ਦੇਖਾਂ। ਇਹ ਮੇਰਾ ਆਖਰੀ ਦ੍ਰਿਸ਼ ਹੋਵੇ।
ਉਹ ਗੁਰਜਿਫ ਕੋਲ ਗਿਆ। ਗੁਰਜਿਫ ਨੇ ਉਸ ਵਲ ਦੇਖਿਆ, ਖੜਾ ਹੋ ਗਿਆ, ਨੇੜੇ ਆਇਆ ਅਤੇ ਜੱਫੀ ਪਾ ਲਈ। ਬੈਨਿਟ ਨੂੰ ਯਕੀਨ ਨਾ ਆਇਆ, ਗੁਰਜਿਫ ਇਸ ਤਰ੍ਹਾਂ ਕਰਿਆ ਨਹੀਂ ਕਰਦਾ ਸੀ। ਜੇ ਚਪੇੜ ਮਾਰ ਦਿੰਦਾ ਤਾਂ ਕੁਝ ਠੀਕ ਲਗਦਾ, ਪਰ ਗਲਵਕੜੀ? ਗੁਰਜਿਫ ਪਾਏ?ਹਾਂ ਇਸੇ ਤਰ੍ਹਾਂ ਹੋਇਆ। ਜਿਸ ਪਲ ਗੁਰਜਿਫ ਨੇ ਬੈਨਿਟ ਨੂੰ ਛੁਹਿਆ, ਉਸ ਨੂੰ ਲੱਗਾ ਮੇਰੇ ਵਿਚ ਬੇਅੰਤ ਸ਼ਕਤੀ ਦਾਖਲ ਹੋਈ ਹੈ। ਉਸ ਨੇ ਦੇਖਿਆ, ਉਸ ਸਮੇਂ ਗੁਰਜਿਵ ਪੀਲਾ ਹੋਣਾ ਸ਼ੁਰੂ ਹੋ ਗਿਆ। ਗੁਰਜਿਫ ਬੈਠ ਗਿਆ, ਫਿਰ ਬੜੀ ਮੁਸ਼ਕਲ ਨਾਲ ਖੜਾ ਹੋ ਸਕਿਆ, ਗੁਸਲਖਾਨੇ ਵਿਚ ਚਲਾ ਗਿਆ, ਜਾਂਦਿਆਂ ਬੈਨਿਟ ਨੂੰ ਕਿਹਾ- ਫਿਕਰ ਨਾ ਕਰੀਂ, ਦਸ ਮਿੰਟ ਉਡੀਕ, ਪਹਿਲਾਂ ਵਾਂਗ ਨੋਬਰ ਨੌ ਹੋ ਕੇ ਤੇਰੇ ਕੋਲ ਆਉਨਾ।