

ਸੀ ਗਣਿਤ ਸ਼ਾਸਤਰੀ ਵੀ ਪਰ ਡੋਲ ਗਿਆ, ਮੰਜ਼ਲ ਖੁੰਝ ਗਈ। ਉਹ ਮੁੜ ਕਿਸੇ ਹੋਰ ਮੁਰਸ਼ਦ ਦੀ ਭਾਲ ਕਰਨ ਲੱਗਾ। ਇਹ ਵੀ ਨਹੀਂ ਕਿ ਸ਼ਿਵਪੁਰੀ ਨੂੰ ਮਿਲ ਕੇ ਸਬਰ ਆ ਗਿਆ ਹੋਵੇ। ਜਦੋਂ ਬੈਨਿਟ ਉਸ ਨੂੰ ਮਿਲਿਆ ਸ਼ਿਵਪੁਰੀ ਬਾਬਾ ਬਹੁਤ ਬਿਰਧ ਹੋ ਚੁਕਾ ਸੀ। ਉਦੋਂ ਉਹ ਲਗਭਗ 110 ਸਾਲ ਦਾ ਸੀ। ਜਿਵੇਂ ਫੈਲਾਦ ਦਾ ਬਣਿਆ ਹੋਵੇ। ਡੇਢ ਸੋ ਸਾਲ ਤੱਕ ਜੀਵਿਆ। ਡੇਢ ਸੌ ਸਾਲ ਦੀ ਉਮਰ, ਸੱਤ ਫੁੱਟ ਲੰਮਾ ਸਰੀਰ ਇਹੋ ਜਿਹਾ ਕਿ ਲਗਦਾ ਨਹੀਂ ਸੀ ਕਦੀ ਮਰੇਗਾ। ਉਸ ਨੇ ਆਪੇ ਸਰੀਰ ਤਿਆਗਣ ਦਾ ਫੈਸਲਾ ਕਰ ਲਿਆ, ਉਸਦਾ ਆਪਣਾ ਫੈਸਲਾ ਸੀ ਇਹ।
ਸ਼ਿਵਪੁਰੀ ਖਾਮੋਸ਼ ਆਦਮੀ ਸੀ, ਸਿਖਿਆ ਨਹੀਂ ਦਿੰਦਾ ਸੀ। ਜਿਹੜਾ ਬੰਦਾ ਗੁਰਜਿਫ ਨੂੰ ਜਾਣਦਾ ਹੋਵੇ ਉਸ ਦੇ ਪ੍ਰਵਚਨ ਸੁਣੇ ਹੋਣ ਉਸ ਨੂੰ ਸ਼ਿਵਪੁਰੀ ਬਾਬਾ ਨਾਲ ਰਹਿਣਾ ਕੁਝ ਊਟਪਟਾਂਗ ਲਗਦਾ ਤਾਂ ਹੋਣਾ ਹੀ। ਬੈਨਿਟ ਨੇ ਉਸ ਬਾਰੇ ਕਿਤਾਬ ਲਿਖੀ ਤੇ ਮੁੜ ਕਿਸੇ ਹੋਰ ਮੁਰਸ਼ਦ ਦੀ ਭਾਲ ਕਰਨ ਲੱਗਾ ਉਹ ਵੀ ਜਦੋਂ ਅਜੇ ਸ਼ਿਵਪੁਰੀ ਬਾਬਾ ਮਰਿਆ ਨਹੀਂ।
ਫਿਰ ਬੈਨਿਟ ਨੇ ਇੰਡੋਨੇਸ਼ੀਆ ਵਿਚ ਮੁਹੰਮਦ ਸ਼ਬਦ ਲਭ ਲਿਆ। ਉਹ ਸ਼ਬਦ ਨਾਮ ਦੀ ਲਹਿਰ ਦਾ ਬਾਨੀ ਸੀ। ਸੁਸ਼ੀਲ-ਬੁੱਧ-ਧਰਮ ਨੂੰ ਸੰਖੇਪ ਕਰਕੇ ਸੁਬੂਦ ਸ਼ਬਦ ਘੜ ਲਿਆ। ਕੀ ਝੱਲ ਹੈ? ਬੈਨਿਟ ਨੇ ਮੁਹੰਮਦ ਸੁਬੂਦ ਬਾਰੇ ਵਾਕਫੀ ਕਰਾਉਣੀ ਸ਼ੁਰੂ ਕਰ ਦਿੱਤੀ। ਸੁਬੂਦ ਭਲਾ ਆਦਮੀ ਸੀ ਪਰ ਉਸਤਾਦ ਨਹੀਂ, ਸ਼ਿਵਪੁਰੀ ਬਾਬਾ ਨਾਲ ਉਸ ਦੀ ਕੋਈ ਤੁਲਨਾ ਨਹੀਂ, ਗੁਰਜਿਫ ਦੇ ਸਾਹਮਣੇ ਤਾਂ ਉਹ ਹੈ ਈ ਕੀ ਸੀ। ਮੁਹੰਮਦ ਸੁਬੂਦ ਨੂੰ ਬੈਨਿਟ ਪੱਛਮ ਵਿਚ ਲੈ ਗਿਆ ਤੇ ਦੱਸਣ ਲੱਗਾ ਕਿ ਉਹ ਗੁਰਜਿਫ ਦਾ ਉਤਾਰਾਧਿਕਾਰੀ ਹੈ। ਹੋਈ ਨਾ ਸਿਰੇ ਦੀ ਮੂਰਖਤਾ !
ਪਰ ਬੈਨਿਟ ਦੀ ਲਿਖਤ ਸੁਹਣੀ ਹੈ, ਹਿਸਾਬ ਵਰਗੀ, ਸਿਲਸਿਲੇਵਾਰ। ਉਸ ਦੀ ਬਿਹਤਰੀਨ ਕਿਤਾਬ ਹੈ ਸ਼ਿਵਪੁਰੀ ਬਾਬਾ । ਬੈਨਿਟ ਬੇਵਕੂਫ ਸੀ ਪਰ ਤੁਸੀਂ ਕਦੀ ਕਦਾਈਂ ਬਾਂਦਰ ਨੂੰ ਟਾਈਪਰਾਈਟਰ ਸਾਹਮਣੇ ਬਿਠਾ ਦਿਆ ਕਰੋ ਤਾਂ ਹੋ ਸਕਦੈ ਉਹ ਕਦੇ ਕੋਈ ਸ਼ਬਦ ਲਿਖ ਦਏ, ਕੋਈ ਬੋਧਵਾਕ ਲਿਖ ਦਏ- ਬਸ ਇਧਰ ਉਧਰ ਟਿਕ-ਟਿਕ ਟਿਕ-ਟਿਕ ਕਰੀ ਜਾਵੇ ਤੇ ਕੋਈ ਸੁੰਦਰ ਕਥਨ ਲਿਖਿਆ ਜਾਵੇ। ਕੀ ਲਿਖਿਆ ਗਿਆ, ਬਾਂਦਰ ਨੂੰ ਕੋਈ ਪਤਾ ਨਹੀਂ ਲੱਗ ਸਕਦਾ।
ਬੈਨਿਟ ਆਪਣੀ ਚਾਲ ਚਲਦਾ ਰਿਹਾ। ਛੇਤੀ ਉਹ ਮੁਹੰਮਦ ਸ਼ਬਦ ਤੋਂ ਖਿਝ ਗਿਆ ਤੇ ਨਵਾਂ ਉਸਤਾਦ ਲੱਭਣ ਲੱਗਾ। ਸਾਰੀ ਉਮਰ ਬਿਨ ਮਤਲਬ ਦੀ ਤਲਾਸ਼। ਉਸ ਨੂੰ ਤਾਂ ਸ਼ੁਰੂ ਵਿਚ ਹੀ ਗੁਰਜਿਫ ਵਰਗਾ ਕਾਮਲ ਮੁਰਸ਼ਦ ਮਿਲ ਗਿਆ ਸੀ। ਉਸ ਨੇ ਗੁਰਜਿਫ ਬਾਰੇ ਲਿਖਿਆ, ਜੋ ਲਿਖਿਆ ਬਹੁਤ ਵਧੀਆ, ਨਿਪੁੰਨ, ਪਰ ਉਸ ਦੇ ਦਿਲ ਵਿਚ ਹਨੇਰਾ ਰਿਹਾ, ਰੋਸ਼ਨੀ ਮਿਲੀ ਹੀ ਨਹੀਂ। ਤਾਂ ਵੀ ਉਸ ਦੀ ਕਿਤਾਬ ਉਤਮ ਹੈ। ਦੇਖ ਲਉ ਮੈਂ ਨਿਰਪੱਖ ਹਾਂ।