

ਬਹੁਤ ਵਧੀਆ ਹੈ। ਨਿਰੀ ਸ਼ਾਇਰੀ... ਪਰ ਤਿੰਨ ਗਲਤੀਆਂ ਯਾਦ ਰੱਖਣੀਆਂ ਪੈਣਗੀਆਂ। ਰਾਮ ਤੀਰਥ ਵਰਗਾ ਬੰਦਾ ਵੀ ਇਹੋ ਜਿਹੀਆਂ ਗਲਤੀਆਂ ਕਰ ਸਕਦੈ।
ਉਹ ਅਮਰੀਕਾ ਵਿਚ ਸੀ। ਉਸ ਵਿਚ ਕ੍ਰਿਸ਼ਮਾ ਸੀ ਤੇ ਲੋਕ ਉਸ ਨੂੰ ਪੂਜਦੇ ਸਨ। ਜਦੋਂ ਉਹ ਵਾਪਸ ਭਾਰਤ ਆਇਆ ਉਸ ਨੇ ਸੋਚਿਆ ਪਹਿਲਾਂ ਵਾਰਾਣਸੀ ਚਲਦੇ ਹਾਂ, ਹਿੰਦੂ ਧਰਮ ਦੇ ਮੌਕੇ, ਉਨ੍ਹਾਂ ਦਾ ਜੇਰੂਸ਼ਲਮ। ਉਸ ਦਾ ਪੱਕਾ ਵਿਸ਼ਵਾਸ ਸੀ ਕਿ ਜੇ ਅਮਰੀਕਣ ਉਸ ਦੀ ਏਨੀ ਇਜ਼ਤ ਕਰਦੇ ਹਨ, ਵਾਰਾਣਸੀ ਦੇ ਬ੍ਰਾਹਮਣ ਤਾਂ ਦੇਵਤਾ ਜਾਣਕੇ ਪੂਜਣਗੇ। ਗਲਤੀ ਖਾ ਗਿਆ। ਵਾਰਾਣਸੀ ਵਿਚ ਜਦੋਂ ਪ੍ਰਵਚਨ ਕਰਨ ਲੱਗਾ, ਇਕ ਬ੍ਰਾਹਮਣ ਉਠਿਆ ਤੇ ਕਿਹਾ- ਇਸ ਤੋਂ ਪਹਿਲਾਂ ਕਿ ਤੁਸੀਂ ਅਗੇ ਚਲੋ, ਕ੍ਰਿਪਾ ਕਰਕੇ ਦਸੋ ਸੰਸਕ੍ਰਿਤ ਜਾਣਦੇ ਹੋ ?
ਰਾਮ ਤੀਰਥ ਅਨੰਤ ਸਤਿ ਬਾਰੇ ਗਲਾਂ ਕਰ ਰਿਹਾ ਸੀ, ਬ੍ਰਾਹਮਣ ਨੇ ਪੁੱਛ ਲਿਆ- ਸੰਸਕ੍ਰਿਤ ਆਉਂਦੀ ਹੈ? ਜੇ ਨਹੀਂ ਆਉਂਦੀ ਤਾਂ ਅਨੰਤ ਸਤਿ ਬਾਰੇ ਗਲ ਕਰਨ ਦੇ ਹੱਕਦਾਰ ਨਹੀਂ। ਜਾਉ, ਪਹਿਲਾਂ ਸੰਸਕ੍ਰਿਤ ਸਿਖੋ।
ਬ੍ਰਾਹਮਣ ਨੇ ਕੁਝ ਗਲਤ ਨਹੀਂ ਕੀਤਾ। ਸਾਰੀ ਦੁਨੀਆਂ ਦੇ ਬ੍ਰਾਹਮਣ ਇਸ ਤਰ੍ਹਾਂ ਦੇ ਹਨ। ਜਿਸ ਗਲ ਸਦਕਾ ਮੈਂ ਹੈਰਾਨ ਹੋ ਗਿਆ ਉਹ ਇਹ ਕਿ ਰਾਮ ਤੀਰਥ ਸੰਸਕ੍ਰਿਤ ਸਿਖਣ ਲੱਗ ਪਿਆ। ਸਤਿਆਨਾਸ। ਉਹ ਬ੍ਰਾਹਮਣ ਨੂੰ ਕਹਿ ਦਿੰਦਾ- ਦਫਾ ਹੋ। ਆਪਣੇ ਵੇਦਾਂ ਅਤੇ ਸੰਸਕ੍ਰਿਤ ਸਣੇ ਟਿਭ ਜਾ ਏਥੋਂ। ਤੂੰ ਹੈਂ ਕੀ? ਜਦੋਂ ਮੈਂ ਜਾਣ ਲਿਆ ਹੈ ਜਿਸ ਨੂੰ ਜਾਣੀਦਾ ਹੈ, ਤੇਰੀ ਸੰਸਕ੍ਰਿਤ ਕਿਉਂ ਸਿਖਾਂ ਮੈਂ?
ਇਹ ਸਹੀ ਹੈ ਕਿ ਰਾਮ ਤੀਰਥ ਨੂੰ ਸੰਸਕ੍ਰਿਤ ਨਹੀਂ ਆਉਂਦੀ ਸੀ ਪਰ ਇਹਦੀ ਲੋੜ ਕੀ ਸੀ? ਉਸ ਨੂੰ ਲੱਗਿਆ ਲੋੜ ਹੈ। ਇਹ ਹੈ ਪਹਿਲੀ ਗਲਤੀ ਜਿਹੜੀ ਤੁਸੀਂ ਯਾਦ ਰੱਖਿਉ। ਉਸ ਦੀਆਂ ਕਿਤਾਬਾਂ ਸ਼ਾਇਰਾਨਾ ਹਨ, ਉਤੇਜਨਾ ਭਰਪੂਰ, ਉਲਾਸਪੂਰਣ ਪਰ ਖੁਦ ਉਹ ਕਿਧਰੇ ਗੁੰਮ ਹੋ ਗਿਆ ਹੈ।
ਦੂਜੀ। ਦੂਰੋਂ ਪੰਜਾਬ ਤੋਂ ਉਸ ਦੀ ਪਤਨੀ ਉਸ ਨੂੰ ਮਿਲਣ ਆਈ। ਸੁਆਮੀ ਨੇ ਮਿਲਣੋ ਇਨਕਾਰ ਕਰ ਦਿੱਤਾ। ਕਿਸੇ ਔਰਤ ਨੂੰ ਉਸ ਨੇ ਰੋਕਿਆ ਨਹੀਂ, ਆਪਣੀ ਪਤਨੀ ਨੂੰ ਰੋਕ ਦਿੱਤਾ, ਕਿਉਂ? ਕਿਉਂਕਿ ਡਰ ਗਿਆ ਸੀ। ਅਜੇ ਮੋਹ ਰਹਿੰਦਾ ਸੀ ਬਾਕੀ। ਮੈਨੂੰ ਦੁਖ ਹੋਇਆ, ਪਤਨੀ ਤਿਆਗ ਦਿੱਤੀ ਪਰ ਅਜੇ ਡਰ ਰਿਹੈ।
ਤੀਜੀ। ਉਸ ਨੇ ਖੁਦਕਸ਼ੀ ਕੀਤੀ, ਹਿੰਦੂ ਇਸ ਨੂੰ ਖੁਦਕਸ਼ੀ ਨਹੀਂ ਕਹਿੰਦੇ, ਕਹਿੰਦੇ ਨੇ ਆਪਣੇ ਆਪ ਨੂੰ ਗੰਗਾ ਵਿਚ ਲੀਨ ਕਰ ਲਿਆ। ਬਦਸੂਰਤ ਚੀਜ਼ਾਂ ਦੇ ਰੱਖੀ ਚਲੋ ਸੁਹਦੇ ਸੁਹਣੇ ਨਾਮ।