ਅਧਿਆਇ ਤੀਜਾ
ਹੁਣ ਸ਼ੁਰੂ ਹੁੰਦਾ ਹੈ ਮੇਰਾ ਕੰਮ। ਕਿਆ ਮਜ਼ਾਕ ਐ ਇਹ ! ਮਜ਼ਾਕਾਂ ਸਿਰ ਮਜ਼ਾਕ ਇਹ ਕਿ ਚੀਨੀ ਫਕੀਰ ਸੋਸਾਂ ਮੇਰੀ ਚੇਤਨਾ ਦਾ ਦਰ ਖੜਕਾ ਰਿਹੈ। ਇਹ ਫਕੀਰ ਵੀ ਕਮਾਲ ਨੇ । ਕੋਈ ਪਤਾ ਨੀ ਲਗਦਾ ਕਦੋਂ ਇਹ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਦੇਣ। ਤੁਸੀਂ ਆਪਣੀ ਮਹਿਬੂਬਾ ਨਾਲ ਪਿਆਰ ਕਰਨ ਲਗੇ ਹੁੰਦੇ ਓ, ਇਹ ਦਰਵਾਜ਼ਾ ਖੜਕਾ ਦਿੰਦੇ ਨੇ। ਵਕਤ ਬਵਕਤ ਕਦੀ ਵੀ ਆ ਜਾਂਦੇ ਨੇ, ਕੋਈ ਸਲੀਕਾ ਨਹੀਂ, ਕੋਈ ਤੇਰ ਤਰੀਕਾ ਨਹੀਂ। ਪਤੇ ਕੀ ਆਖਣ ਆਇਆ ਸੀ ? ਕਹਿੰਦਾ ਮੇਰੀ ਕਿਤਾਬ ਤੂੰ ਆਪਣੀ ਲਿਸਟ ਵਿਚ ਕਿਉਂ ਨੀ ਰੱਖੀ ?
ਓ ਰੱਬਾ, ਠੀਕ ਕਿਹਾ ਇਹ ਤਾਂ ! ਉਸਦੀ ਕਿਤਾਬ ਦਾ ਨਾਮ ਮੈਂ ਇਸ ਕਰਕੇ ਨਹੀਂ ਸੀ ਲਿਖਿਆ ਕਿਉਂਕਿ ਉਸਦੀ ਕਿਤਾਬ ਵਿਚ ਤਾਂ ਸਭ ਕੁਝ ਮੌਜੂਦ ਹੈ। ਜੇ ਮੈਂ ਉਸ ਦੀ ਕਿਤਾਬ ਲਿਸਟ ਵਿਚ ਸ਼ਾਮਲ ਕਰ ਲੈਂਦਾ ਫੇਰ ਹੋਰ ਕਿਸੇ ਕਿਤਾਬ ਦੀ ਲੋੜ ਨਹੀਂ ਸੀ। ਸੋਸਾਂ ਆਪਣੇ ਆਪ ਵਿਚ ਸੰਪੂਰਨ ਹੈ। ਉਸ ਦੀ ਕਿਤਾਬ ਦਾ ਨਾਮ ਹੈ- ਸੀ ਸੀ ਮਿੰਗ, Hsin Hsin Ming.
Hsin ਨੂੰ ਅੰਗਰੇਜ਼ੀ ਦੇ Sin ਵਾਂਗ ਨਹੀਂ ਪੜ੍ਹਦੇ। ਤੁਸੀਂ ਚੀਨੀਆਂ ਨੂੰ ਜਾਣ ਗਏ ਹੋ, ਪਾਪ ਕਰਨ ਦਾ ਉਨ੍ਹਾਂ ਦਾ ਤਰੀਕਾ ਕੇਹਾ ਹੈ । Hsin Hsin Ming.
ਠੀਕ ਐ ਸੋਸਾਂ, ਮੈਂ ਤੇਰੀ ਕਿਤਾਬ ਦਾ ਨਾਮ ਲਿਖ ਲਿਐ। ਅੱਜ ਦੇ ਦਿਨ ਦੀ ਇਹ ਪਹਿਲੀ ਕਿਤਾਬ ਹੈ। ਖਿਮਾ ਕਰਨੀ, ਪਹਿਲੇ ਦਿਨ ਪਹਿਲੀ ਕਿਤਾਬ ਹੋਣੀ ਚਾਹੀਦੀ ਸੀ ਪਰ ਮੈਂ ਤਾਂ ਹੁਣ ਤਕ ਵੀਹ ਗਿਣਾ ਗਿਆ। ਫੇਰ ਕੀ ਹੋਇਆ। ਜਿਥੇ ਮਰਜੀ ਦਰਜ ਕੀਤੀ, ਸੀ ਸੀ ਮਿੰਗ ਪਹਿਲੇ ਦਿਨ ਦੀ ਪਹਿਲੀ ਕਿਤਾਬ ਹੈ। ਦੇਵਗੀਤ, ਗੂੜੇ ਅੱਖਰਾਂ ਵਿਚ ਇਸਦੇ ਅੱਗੇ ਲਿਖਦੇ ਪਹਿਲੀ ਕਿਤਾਬ First Book.
ਸੀ ਸੀ ਮਿੰਗ ਨਿਕੀ ਜਿਹੀ ਕਿਤਾਬ ਹੈ, ਸੋਸਾਂ ਨੂੰ ਜੇ ਪਤਾ ਹੁੰਦਾ ਕਿ ਉਸ ਪਿਛੋਂ ਕਿਸੇ ਸਮੇਂ ਕੋਈ ਗੁਰਜਿਫ ALL AND EVERYTHING ਨਾਂ ਦੀ ਕਿਤਾਬ ਲਿਖੇਗਾ ਉਹਨੇ ਹੱਸਣਾ ਸੀ ਕਿਉਂਕਿ ਇਹੋ ਟਾਈਟਲ ਤਾਂ ਸੋਸਾਂ ਦੀ ਕਿਤਾਬ ਦਾ ਹੈ। ਜਿਹੜੀ ਗੱਲ ਸੋਸਾਂ ਨੇ ਥੋੜੇ ਲਫਜ਼ਾਂ ਵਿਚ ਕਹੀ, ਗੁਰਜਿਫ ਨੂੰ ਉਹ ਗੱਲ ਕਰਨ ਲਈ ਹਜ਼ਾਰ ਪੰਨੇ ਲਿਖਣੇ ਪਏ, ਤਾਂ ਵੀ ਸੋਸਾਂ ਦੇ ਬੋਲ ਡੂੰਘੇ ਹਨ, ਵਡੇ ਹਨ, ਦਿਲ ਵਿਚ ਉਤਰਦੇ ਜਾਂਦੇ ਹਨ ਸਿੱਧੇ।