ਪਰ ਜੈਦੇਵ, ਜੈਦੇਵ ਤਾਂ ਮੰਦਰ ਦੇ ਨੇੜੇ ਵੀ ਨਹੀਂ। ਫਿਰ ਗੀਤ ਗੋਵਿੰਦ ਉਸ ਰਾਹੀਂ ਕਿਵੇਂ ਉਤਰ ਆਇਆ? ਚਮਤਕਾਰ ਹੋ ਗਿਆ। ਰੱਬ ਦਾ ਭੇਤ ਕੌਣ ਪਾਏ ? ਹਾਂ ਯਾਦ ਰੱਖਣਾ ਰੱਬ ਕਿਤੇ ਨਹੀਂ, ਰੱਬ ਦਾ ਅਹਿਸਾਸ ਮੌਜੂਦ ਹੈ। ਹੋਂਦ ਅਤੇ ਹਸਤੀ ਦੇ ਰਹੱਸ ਅਤੇ ਸਰਬੱਗਤਾ ਕੋਈ ਨੀਂ ਜਾਣਦਾ। ਮਾਰੂਥਲਾਂ ਤੇ ਬਾਰਸ਼ਾਂ ਹੋ ਜਾਂਦੀਆਂ ਹਨ ਤੇ ਉਪਜਾਊ ਖੇਤ ਸੁਕੇ ਰਹਿ ਜਾਂਦੇ ਨੇ।
ਬੰਜਰ ਖੇਤ ਦਾ ਨਾਮ ਜੈਦੇਵ ਹੈ। ਰੱਬ ਦਾ ਗੀਤ, ਬੇਅੰਤ ਖੂਬਸੂਰਤ ਸ਼ਾਇਰੀ ਉਸ ਉਪਰ ਬਰਸ ਪਈ। ਉਸ ਨੇ ਇਸ ਨੂੰ ਲਿਖਿਆ, ਸੁਰਬੱਧ ਕੀਤਾ, ਗਾਇਆ ਪਰ ਉਸ ਨੂੰ ਕੋਈ ਪਤਾ ਨਹੀਂ ਸੀ ਉਹ ਕੀ ਕਰੀ ਗਿਆ। ਮੈਂ ਉਸ ਨੂੰ ਮੰਦਰ ਦੇ ਤਾਂ ਨਜ਼ਦੀਕ ਦੇਖਿਆ ਨਹੀਂ, ਇਸ ਕਰਕੇ ਨਾਮ ਨਹੀਂ ਲਿਆ। ਮੇਰੀ ਗੱਲ ਸੁਣਕੇ ਉਸ ਅੰਦਰ ਹੰਕਾਰ ਵੀ ਆ ਸਕਦੀ। ਮੈਂ ਕਿਹਾ ਸੀ ਉਸ ਦਾ ਨਾਮ ਨਹੀਂ ਲਿਆ, ਉਸਦੇ ਭਲੇ ਲਈ। ਪਰ ਜੋ ਉਹ ਸੀ, ਉਸ ਵਿਚ ਉਸ ਵਿਚਾਰੇ ਦਾ ਕੀ ਕਸੂਰ ? ਜੋ ਉਹ ਹੈ ਸੋ ਹੈ ਪਰ ਉਸ ਤੋਂ ਇਕ ਸੁਹਣੇ ਬੱਚੇ ਦਾ ਜਨਮ ਹੋ ਗਿਆ। ਜਦੋਂ ਮੈਂ ਬੱਚੇ ਦਾ ਨਾਮ ਲੈ ਦਿੱਤਾ ਤਾਂ ਉਸਦੇ ਪਿਤਾ ਦਾ ਨਾਮ ਤਾਂ ਲੈਣਾ ਪਏਗਾ ਹੀ ਨਾ, ਨਹੀਂ ਤਾਂ ਲੋਕ ਸੋਚਣਗੇ ਬੱਚਾ ਹਰਾਮੀ ਹੈ। ਪਿਉ ਹਰਾਮੀ ਹੋਵੇ ਤਾਂ ਹੋਵੇ ਬੱਚਾ ਹਰਾਮੀ ਨੀ ਹੋਇਆ ਕਰਦਾ।
ਜੈਦੇਵ ਦਾ ਕੰਮ ਨਬੇੜ ਕੇ ਮੈਨੂੰ ਸੁਖ ਦਾ ਸਾਹ ਆਇਐ। ਪਰ ਦਰਵਾਜ਼ੇ ਉਪਰ ਕਤਾਰ ਬੰਨ੍ਹੀ ਖੜੇ ਹਨ ਹੋਰ ਲੋਕ। ਮੈਂ ਕਿਸ ਗੋਰਖਧੰਦੇ ਵਿਚ ਫਸ ਗਿਆ ਤੁਹਾਨੂੰ ਨੀ ਪਤਾ। ਇਸ ਬਾਰੇ ਮੈਂ ਕਿਹੜਾ ਸੋਚਿਆ ਸੀ ? ਮੈਂ ਚਿੰਤਕ ਨਹੀਂ ਜੋ ਛਾਲ ਮਾਰਨ ਤੋਂ ਪਹਿਲਾਂ ਸੋਚਾਂ। ਮੈਂ ਤਾਂ ਛਾਲ ਮਾਰਨ ਤੋਂ ਬਾਦ ਸੋਚਿਆ ਕਰਦਾਂ। ਮੈਂ ਤਾਂ ਐਵੇਂ ਜਾਂਦੇ ਜਾਂਦੇ ਦਸ ਕਿਤਾਬਾਂ ਦੇ ਨਾਮ ਲੈ ਬੈਠਾ। ਮੈਨੂੰ ਕੀ ਪਤਾ ਸੀ ਇਥੇ ਭੀੜਾਂ ਜੁੜ ਜਾਣਗੀਆਂ। ਲਉ ਫੇਰ ਦਸ ਹੋਰ।
ਪਹਿਲੀ ਕਿਤਾਬ ਹੇਰਾਕਲਾਈਟਸ ਦੀਆਂ ਟੁਕੜੀਆਂ, THE FRAGMENTS OF HERACLITUS, ਪਿਆਰ ਕਰਦਾਂ ਮੈਂ ਇਸ ਆਦਮੀ ਨੂੰ। ਇਹ ਗੱਲ ਵੀ ਸਾਫ ਕਰ ਦਿਆਂ ਕਿ ਪਿਆਰ ਤਾਂ ਮੈਂ ਸਾਰਿਆਂ ਨੂੰ ਈ ਕਰਦਾਂ, ਪਸੰਦ ਕਿਸੇ ਕਿਸੇ ਨੂੰ। ਕੁਝ ਪਸੰਦ ਕਰਦਾਂ ਕੁਝ ਨੂੰ ਨਾਪਸੰਦ ਪਰ ਪਿਆਰ ਸਭ ਨੂੰ। ਇਸ ਗੱਲ ਤੇ ਸ਼ੱਕ ਨਾ ਕਰਿਉ। ਜਿੰਨਾ ਪ੍ਰੇਮ ਜੈਦੇਵ ਨੂੰ ਉਨਾ ਹੇਰਾਕਲਾਈਟਸ ਨੂੰ ਪਰ ਹੇਰਾਕਲਾਈਟਸ ਨੂੰ ਮੈਂ ਪਸੰਦ ਵੀ ਕਰਦਾਂ।
ਇਹੋ ਜਿਹੇ ਥੋੜੇ ਕੁ ਹਨ ਜਿਹੜੇ ਹੇਰਾਕਲਾਈਟਸ ਦੀ ਸ਼੍ਰੇਣੀ ਵਿਚ ਆਉਂਦੇ ਹਨ। ਇਹ ਕਥਨ ਵੀ ਸਹੀ ਨਹੀਂ ਹੈ ਮੇਰਾ। ਹੁਣ ਮੈਂ ਉਹ ਗਲ ਕਰਾਂਗਾ ਜਿਹੜੀ ਹਮੇਸ਼ਾ ਕਰਨੀ ਚਾਹੀ। ਉਸ ਵਰਗਾ ਕੋਈ ਨਹੀਂ ਹੋਰ। ਫੇਰ ਸੁਣੋ, ਉਸ ਦੀ ਸ਼੍ਰੇਣੀ ਵਿਚ ਕੋਈ ਨਹੀਂ। ਉਹ ਇੱਕਲਾ ਹੈ, ਖਤਰਨਾਕ ਹੱਦ ਤਕ ਜਾਗ੍ਰਿਤ, ਏਨਾ ਨਿਡਰ ਕਿ ਜੋ ਕਹਿ ਰਿਹੈ ਉਸ ਦੇ ਨਤੀਜਿਆਂ ਤੋਂ ਬੇਖੌਫ।