ਉਹ ਟੁਕੜੀਆਂ ਵਿਚ ਕਥਨ ਕਰਦੈ, ਮੇਰੇ ਚੇਲੇ ਦੇਵਗੀਤ ਵਾਂਗ ਲੋਕ ਲਿਖੀ ਜਾਂਦੇ ਨੇ। ਆਪ ਨੀ ਲਿਖਿਆ ਕੁਝ। ਕੋਈ ਗੱਲ ਹੋਏਗੀ ਜਿਸ ਸਦਕਾ ਇਨ੍ਹਾਂ ਵਡੇਰਿਆਂ ਨੇ ਕੁਝ ਲਿਖਿਆ ਨਹੀਂ। ਖੈਰ, ਇਸ ਬਾਰੇ ਫੇਰ ਗੱਲ ਕਰਾਂਗੇ। ਉਹ ਕਹਿੰਦਾ ਹੈ- ਤੁਸੀਂ ਇਕ ਦਰਿਆ ਨੂੰ ਦੋ ਵਾਰ ਪਾਰ ਨਹੀਂ ਕਰ ਸਕਦੇ। ਫਿਰ ਥੋੜੀ ਦੇਰ ਬਾਦ ਕਹਿੰਦੇ ਇਕ ਦਰਿਆ ਨੂੰ ਇਕ ਵਾਰ ਵੀ ਪਾਰ ਨਹੀਂ ਕੀਤਾ ਜਾ ਸਕਦਾ। ਕਿਆ ਬਾਤ ਹੈ । ਸੁਹਣੀ ਅਤੇ ਖਰੀ ਗੱਲ।
ਹਰ ਵਸਤੂ ਬਦਲ ਰਹੀ ਹੈ, ਏਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ ਦਰਿਆ ਨੂੰ ਦੂਜੀ ਵਾਰ ਪਾਰ ਨਹੀਂ ਕਰ ਸਕਦੇ। ਦੂਜੀ ਵਾਰ ਦੀ ਗੱਲ ਛੱਡੋ, ਇਕ ਵਾਰ ਵੀ ਪਾਰ ਨਹੀਂ ਕਰ ਸਕਦੇ। ਹਰ ਛਿਣ ਦਰਿਆ ਬਦਲ ਰਿਹਾ ਹੈ, ਬੰਦਾ ਬਦਲ ਰਿਹਾ ਹੈ। ਦਰਿਆ ਵਗ ਰਿਹੈ, ਜਾ ਰਿਹੈ, ਸਮੁੰਦਰ ਵਲ ਵਧ ਰਿਹੈ, ਅਨੰਤ ਵਲ, ਲੋਪ ਹੋਣ ਵਾਸਤੇ, ਹਮੇਸ਼ਾ ਲਈ।
ਅੱਜ ਦੀ ਸ਼ਾਮ ਮੇਰੀ ਲਿਸਟ ਵਿਚ ਪਹਿਲਾ ਨਾਮ ਹੈ- ਹੇਰਾਕਲਾਈਟਸ।
ਦੂਜੀ ਪਾਇਥਾਗੋਰਸ ਦੀ ਸੁਨਹਿਰੇ ਛੰਦ, THE GOLDEN VERSES. ਉਹਨੂੰ ਪੂਰੀ ਤਰ੍ਹਾਂ ਗਲਤ ਤਰੀਕੇ ਨਾਲ ਜਾਣਿਆ ਗਿਆ। ਜੇ ਤੁਸੀਂ ਸਮਝਦਾਰ ਹੋਵੋ ਤਾਂ ਗਲਤੀ ਖਾਓਗੇ ਹੀ ਖਾਓਗੇ। ਸਮਝਣਾ ਬੜੀ ਖਤਰਨਾਕ ਚੀਜ਼ ਹੈ, ਪੂਰੀ ਬੇਸਮਝੀ। ਪਾਇਥਾਗੋਰਸ ਨੂੰ ਉਸ ਦੇ ਚੇਲੇ ਸਮਝ ਨਹੀਂ ਸਕੇ, ਉਹ ਵੀ ਨੀਂ ਜਿਨ੍ਹਾਂ ਨੇ ਸੁਨਹਿਰੇ ਛੰਦ ਲਿਖੀ। ਮਕਾਨਕੀ ਢੰਗ ਨਾਲ ਲਿਖ ਦਿੱਤੀ ਕਿਉਂਕਿ ਇਕ ਚੇਲਾ ਵੀ ਉਨ੍ਹਾਂ ਬੁਲੰਦੀਆਂ ਨੂੰ ਨਾ ਛੂਹ ਸਕਿਆ ਜਿਥੇ ਪਇਥਾਗੋਰਸ ਪੁੱਜਾ, ਇਕ ਵੀ ਗਿਆਨਵਾਨ ਨਹੀਂ। ਯੂਨਾਨੀਆਂ ਨੇ ਉਹ ਪੂਰੀ ਤਰ੍ਹਾਂ ਨਜ਼ਰੰਦਾਜ ਕਰ ਦਿੱਤਾ। ਹੇਰਾਕਲਾਈਟਸ, ਸੁਕਰਾਤ, ਪਾਇਥਾਗੋਰਸ, ਪਲਾਟੀਨਸ, ਸਾਰੇ ਸ੍ਰੇਸ਼ਟ ਮਨੁੱਖਾਂ ਨੂੰ ਭੁਲ ਗਏ ਯੂਨਾਨੀਆਂ ਨੇ ਚਾਹਿਆ ਤਾਂ ਸੁਕਰਾਤ ਨੂੰ ਭੁਲਾਣਾ ਵੀ ਸੀ। ਉਹ ਏਨਾ ਵੱਡਾ ਸੀ ਕਿ ਯੂਨਾਨੀਆ ਦੇ ਵਸ ਵਿਚ ਨਾ ਰਿਹਾ। ਇਸ ਕਰਕੇ ਜ਼ਹਿਰ ਦੇਕੇ ਮਾਰਨਾ ਪਿਆ। ਇਸ ਨੂੰ ਮਹਿਜ਼ ਨਜ਼ਰੰਦਾਜ ਕਰਨਾ ਕਾਫੀ ਨਹੀਂ, ਮਾਰਨਾ ਜਰੂਰੀ ਸੀ।
ਪਾਇਥਾਗੋਰਸ ਨੂੰ ਪੂਰੀ ਤਰ੍ਹਾ ਨਜ਼ਰੰਦਾਜ ਕਰਨ ਵਿਚ ਕਾਮਯਾਬ ਹੋ ਗਏ। ਉਸ ਕੋਲ ਵੀ ਉਹੀ ਚਾਬੀ ਸੀ ਜਿਹੜੀ ਬੁੱਧ ਕੋਲ, ਈਸਾ ਕੋਲ ਸੀ। ਇਕ ਗੱਲ ਹੋਰ। ਈਸਾ, ਬੁੱਧ ਜਾਂ ਲਾਊ ਜੂ ਨੂੰ ਇਹ ਚਾਬੀ ਲੱਭਣ ਵਿਚ ਏਨੀ ਖਪਾਈ ਨੀ ਕਰਨੀ ਪਈ ਜਿੰਨੀ ਪਾਇਥਾਗੋਰਸ ਨੂੰ। ਉਸ ਨੇ ਪੂਰਾ ਤਾਣ ਲਾਇਆ। ਨਿੱਗਰ ਬੰਦਾ, ਲੋਹੇ ਦੀ ਲੱਠ। ਉਸ ਨੇ ਹਰ ਜੋਖਮ ਉਠਾਇਆ। ਉਹ ਉਨ੍ਹੀ ਦਿਨੀ ਸਾਰੇ ਉਸ ਸੰਸਾਰ ਵਿਚ ਘੁੰਮਿਆ ਜਿਥੇ ਜਿਥੇ ਤੱਕ ਜਾਇਆ ਜਾ ਸਕਦਾ ਸੀ, ਹਰ ਤਰ੍ਹਾਂ ਦੇ ਉਸਤਾਦਾਂ ਪਾਸੋਂ ਪੜ੍ਹਿਆ, ਹਰੇਕ ਟਕਸਾਲ ਦੀਆਂ ਸ਼ਰਤਾਂ ਮੰਨ ਕੇ ਰਹੱਸਾਂ ਤੱਕ ਪੁਜਿਆ। ਆਪਣੇ ਆਪ ਵਿਚ ਉਹ ਲਾਮਿਸਾਲ ਹੈ।