ਹਾਂ, ਸਿਆਣਾ ਮੈਂ ਹਾਂ ਈ ਨੀ, ਪਿਛਲੇ ਪੱਚੀ ਕੁ ਸਾਲਾ ਤੋਂ ਤਾਂ ਬਿਲਕੁਲ ਵੀ ਨਹੀਂ। ਹੁੰਦਾ ਸੀ ਪਹਿਲਾਂ ਮੈ ਵੀ ਸਿਆਣਾ, ਪਰ... ਸ਼ੁਕਰ ਰੱਬ ਦਾ, ਉਹੋ, ਇਹ ਤਾਂ ਇਕ ਤਰੀਕੇ ਗੱਲ ਕਰਨ ਦਾ, ਰੱਬ ਕਿਧਰੇ ਨਹੀਂ, ਉਸ ਦੀ ਰੂਹਾਨੀਅਤ ਮੌਜੂਦ ਹੈ, ਦੈਵੀ, ਵਿਆਪਕ। ਇਸ ਗੱਲ ਦਾ ਜ਼ਿਕਰ ਮੈਂ ਬਾਰ ਬਾਰ ਤਾਂ ਕਰਿਆ ਕਰਦਾਂ ਕਿ ਮੇਰੇ ਚੇਲੇ ਨਾ ਕਿਤੇ ਰੱਬ ਦੀ ਪੂਜਾ ਕਰਨ ਲੱਗ ਜਾਣ, ਕਿਤੇ ਮੈਨੂੰ ਈ ਰੱਬ ਨਾ ਬਣਾ ਧਰਨ। ਰੱਬ ਨਹੀਂ ਹੈ, ਕਦੀ ਹੈ ਈ ਨੀ ਸੀ।
ਨੀਤਸੇ ਨੇ ਇਹ ਕਹਿ ਕੇ ਗਲਤੀ ਕੀਤੀ ਕਿ ਰੱਬ ਮਰ ਗਿਆ। ਇਸ ਕਥਨ ਵਿਚ ਇਹ ਗਲਤੀ ਹੈ ਕਿ ਰੱਬ ਜਦੋਂ ਜਿਉਂਦਾ ਈ ਨੀ ਸੀ ਫਿਰ ਮਰ ਕਿਵੇਂ ਗਿਆ? ਮਰਨ ਤੋਂ ਪਹਿਲਾਂ ਇਹ ਸ਼ਰਤ ਜਰੂਰੀ ਹੈ ਕਿ ਕੋਈ ਜਿਉਂਦਾ ਹੋਵੇ। ਇਥੇ ਹੀ ਸਾਰਤ੍ਰ ਗਲਤ ਹੋ ਗਿਆ ਜਦੋਂ ਉਹ ਨੀਤਸ਼ੇ ਨਾਲ ਸਹਿਮਤ ਹੋਇਆ। ਜਦੋਂ ਮੈਂ ਕਹਿਨਾ ਸ਼ੁਕਰ ਮੇਰਿਆ ਰੱਬਾ ਉਦੋਂ ਮੈਂ ਰੱਬ ਲਫਜ਼ ਇਸ ਵਾਸਤੇ ਵਰਤ ਲੈਨਾ ਕਿਉਂਕਿ ਇਹਦੀ ਥਾਂ ਇਸਤੇਮਾਲ ਕਰਨ ਲਈ ਹੋਰ ਲਫਜ਼ ਨਹੀਂ। ਇਹ ਮਹਿਜ਼ ਲਫਜ਼ ਹੈ ਇਕ, ਇਸ ਦਾ ਮਤਲਬ ਕੋਈ ਨੀਂ। ਸ਼ੁਕਰ ਐ ਰੱਬ ਦਾ, ਕਹਿਣ ਦਾ ਮਤਲੁਬ ਬਸ ਏਨਾ ਹੈ ਕਿ ਠੀਕ ਹੋ ਗਿਆ, ਕਿ ਵਧੀਆ ਹੋਇਆ। ਬਸ।
ਮੈਂ ਇਸ ਵੇਲੇ ਏਨਾ ਆਨੰਦ ਮਗਨ ਹਾਂ ਦੇਵਗੀਤ ਤੈਨੂੰ ਈ ਯਾਦ ਕਰਾਣੀ ਪਏਗੀ ਕਿਹੜੀ ਛੇਵੀਂ ਕਿਤਾਬ ਦੀ ਗੱਲ ਛੇੜੀ ਸੀ ਮੈਂ?
ਇਕ ਫਰਾਂਸੀਸੀ ਦੀ ਓਸ਼ੋ।
-ਸਹੀ। ਅਜੇ ਮੈਂ ਕਿਤਾਬ ਦਾ ਨਾਮ ਨਹੀਂ ਲਿਆ। ਹੁਬੇਰ ਬੇਨੋ ਦੀ ਕਿਤਾਬ ਹੈ ਜਾਣ ਦਿਓ, Hubert Benoit's LET GO.
ਹਰੇਕ ਸਾਧਕ ਦੀ ਅਲਮਾਰੀ ਵਿਚ ਇਹ ਕਿਤਾਬ ਹੋਵੇ। ਤੱਥ ਮੂਲਕ ਕਿਤਾਬ ਸ਼ਾਇਰਾਨਾ ਅੰਦਾਜ਼ ਵਿਚ ਇਸ ਤਰ੍ਹਾਂ ਕਿਸੇ ਹੋਰ ਨੇ ਨਹੀਂ ਲਿਖੀ, ਹੈ ਇਹ ਕੰਟਰਾਡਿਕਸ਼ਨ ਪਰ ਲੇਖਕ ਕਾਮਯਾਬ ਰਿਹਾ। ਆਧੁਨਿਕ ਪੱਛਮੀ ਜਗਤ ਵਿਚ ਆਈਆਂ ਕਿਤਾਬਾਂ ਵਿਚੋਂ ਇਹ ਸਰਬੋਤਮ ਹੈ। ਸਦੀ ਦੀ ਬਿਹਤਰੀਨ ਪੱਛਮੀ ਰਚਨਾ। ਪੂਰਬ ਦੀਆਂ ਕਿਤਾਬਾਂ ਵਿਚ ਮੈਂ ਇਸ ਦੀ ਗਿਣਤੀ ਨਹੀਂ ਕੀਤੀ।
ਸੱਤਵੀਂ ਰਾਮਕ੍ਰਿਸ਼ਨ ਦੀ ਹੈ ਸਾਖੀਆਂ, PARABLES ਥੋਨੂੰ ਪਤੇ ਮੈਂ ਸਾਧਾਂ ਸੂਧਾਂ ਨੂੰ ਬਹੁਤਾ ਪਸੰਦ ਨੀਂ ਕਰਦਾ। ਇਸ ਦਾ ਇਹ ਮਤਲਬ ਨੀਂ ਬਈ ਥੋੜਾ ਕੁ ਪਸੰਦ ਕਰਦਾ ਹਾਂ। ਮੈਨੂੰ ਸਾਧ ਉਕਾ ਚੰਗੇ ਨੀਂ ਲਗਦੇ। ਸਚ ਤਾਂ ਇਹ ਹੈ ਕਿ ਮੈਂ ਉਨ੍ਹਾਂ ਨੂੰ ਨਫਰਤ ਕਰਦਾਂ। ਸਾਧ ਪਖੰਡੀ ਹੁੰਦੇ ਨੇ, ਸ਼ੋਸ਼ੇਬਾਜ਼। ਪਰ ਰਾਮਕ੍ਰਿਸ਼ਨ ਉਨ੍ਹਾਂ ਵਿਚੋਂ ਅਲਗ ਹੈ, ਸ਼ੁਕਰ ਐ ਰੱਬ ਦਾ। ਚਲੋ ਥੋੜ੍ਹੇ ਕੁ ਇਹੋ ਜਿਹੇ ਹਨ ਜਿਹੜੇ ਰੂਹਾਨੀ ਹਨ ਪਰ ਸਾਧ ਨਹੀਂ।