ਅਧਿਆਇ ਛੇਵਾਂ
ਹੁਣ ਕੁਝ ਅੰਤਿਮ ਟਿਪੱਣੀਆਂ। ਪਿਛਲੀ ਬੈਠਕ ਵਿਚ ਜਦੋਂ ਮੈਂ ਕਿਹਾ ਸੀ ਕਿ ਹੁਣ ਸਮਾਪਤੀ ਹੋਈ, ਮੈਂ ਪੰਜਾਹ ਕਿਤਾਬਾਂ ਦੀ ਲਿਸਟ ਤਿਆਰ ਕਰਨੀ ਸੀ। ਮੈਂ ਸੋਚਿਆ ਸੀ ਪੰਜਾਹ ਦੀ ਗਿਣਤੀ ਕਾਫੀ ਹੁੰਦੀ ਐ। ਬੰਦੇ ਨੂੰ ਫੈਸਲੇ ਕਰਨੇ ਤਾਂ ਪੈਂਦੇ ਨੇ ਪਰ ਸਾਰੇ ਫੈਸਲੇ ਆਰਜ਼ੀ ਹੁੰਦੇ ਨੇ। ਬੰਦਾ ਜੋੜੇ ਪਲੀ ਪਲੀ ਰੱਬ ਰੁੜ੍ਹਾਏ ਪੀਪਾ। ਉਹੀ ਰੱਬ, ਜਿਹੜਾ ਹੈ ਨਹੀਂ।
ਜਦੋਂ ਮੈਂ ਕਿਹਾ ਲਿਸਟ ਪੂਰੀ ਹੋ ਗਈ, ਗੀਤ ਗੋਵਿੰਦ ਵਾਲਾ ਜੰਦੇਵ, ਮੈਡਮ ਬਲਾਵਸਕੀ, ਸਭ ਦੇ ਸਭ ਜਿਹੜੇ ਮੈਨੂੰ ਘੇਰੀ ਖਲੋਤੇ ਸਨ, ਖਿਸਕਣੇ ਸ਼ੁਰੂ ਹੋ ਗਏ। ਕਈਆਂ ਨੂੰ ਮੈਂ ਜਾਣਦਾ ਸਾਂ ਪਰ ਕਈਆਂ ਨੂੰ ਪਛਾਣ ਨਾ ਸਕਿਆ। ਮੇਰਾ ਐਲਾਨ ਸੁਣਕੇ ਕਿਰਨੇ ਸ਼ੁਰੂ ਹੋ ਗਏ।
ਮੇਰੀ ਖੁਸ਼ਕਿਸਮਤੀ, ਮੈਨੂੰ ਈਸਾ ਦਾ ਕਥਨ ਸਮਝ ਆਉਣ ਲੱਗਾ - ਧੰਨ ਹਨ ਕਮਜ਼ੋਰ, ਰੱਬੀ ਬਾਦਸ਼ਾਹਤ ਉਨ੍ਹਾਂ ਦੇ ਹਿਸੇ ਆਏਗੀ। ਉਸਨੇ ਇਹ ਵੀ ਕਿਹਾ ਸੀ- ਖੁਸ਼ਕਿਸਮਤ ਨੇ ਉਹ ਜਿਹੜੇ ਅਖੀਰ ਵਿਚ ਖਲੋਤੇ ਨੇ ਦੂਰ, ਧੱਕਾ ਮੁੱਕੀ ਨਹੀਂ ਕਰਦੇ, ਖਰੂਦੀ ਨਹੀਂ ਖਲੋਤੇ ਉਡੀਕ ਰਹੇ ਹਨ। ਭੀੜ ਖਿਸਕ ਗਈ ਤਾਂ ਇਹ ਥੋੜੇ ਜਿਹੇ ਸਬਰ ਸ਼ੁਕਰ ਵਾਲੇ ਬੰਦੇ ਨਜ਼ਰੀਂ ਪਏ। ਅਗਲੀ ਲਿਖਤ ਉਨ੍ਹਾਂ ਦੇ ਨਾਮ।
ਮੈਨੂੰ ਖੁਦ ਤੇ ਇਤਬਾਰ ਨਹੀਂ ਆਇਆ ਜਦੋਂ ਮੈਂ ਦੇਖਿਆ ਬੁੱਧ ਦੇ ਧਮਪਦ ਦਾ ਜ਼ਿਕਰ ਨਹੀਂ ਕੀਤਾ। ਆਖਰੀ ਕਤਾਰ ਦੇ ਆਖਰੀ ਸਿਰੇ ਤੇ ਬੁੱਧ ਖਾਮੋਸ਼ ਬੈਠਾ ਰਿਹਾ। ਕਿਸੇ ਨੂੰ ਏਨਾ ਪਿਆਰ ਨਹੀਂ ਕੀਤਾ ਮੈਂ ਜਿੰਨਾ ਬੁੱਧ ਨੂੰ। ਆਪਣੀ ਸਾਰੀ ਜ਼ਿੰਦਗੀ ਮੈਂ ਉਸ ਬਾਰੇ ਜ਼ਿਕਰ ਕਰਦਾ ਆਇਆ ਹਾਂ। ਜਦੋਂ ਮੈਂ ਹੋਰਨਾ ਬਾਰੇ ਗੱਲਾਂ ਕਰਦਾ ਉਦੋਂ ਵੀ ਬੁੱਧ ਦੀਆਂ ਗੱਲਾਂ ਹੁੰਦੀਆਂ। ਧਿਆਨ ਦਿਉ, ਇਹ ਮੇਰਾ ਇਕਬਾਲੀਆ ਬਿਆਨ ਹੈ। ਈਸਾ ਮਸੀਹ ਬਾਰੇ ਗੱਲ ਨਹੀਂ ਕਰ ਸਕਦਾ। ਜਦ ਤਕ ਬੁੱਧ ਦਾ ਜ਼ਿਕਰ ਨਹੀਂ ਹੁੰਦਾ, ਬੁੱਧ ਦੀ ਦਖਲੰਦਾਜੀ ਬਿਨਾ ਮੁਹੰਮਦ ਦਾ ਜ਼ਿਕਰ ਨਹੀਂ ਹੁੰਦਾ। ਬੁੱਧ ਦਾ ਜ਼ਿਕਰ ਸਿੱਧਮ ਸਿੱਧਾ ਕਰਾਂ ਜਾਂ ਕਿਸੇ ਹੋਰ ਨਾਮ ਨਾਲ, ਕੋਈ ਫਰਕ ਨੀਂ ਪੈਂਦਾ। ਬੁੱਧ ਦੇ ਧਿਆਨ ਬਰੀਰ ਗਲ ਕਰਨੀ ਅਸੰਭਵ ਹੈ। ਉਹ ਮੇਰਾ ਖੂਨ ਹਡ ਮਾਸ ਸਭ ਕੁਝ ਹੈ। ਮੇਰੀ ਖਾਮੋਸ਼ੀ ਮੇਰਾ ਗੀਤ ਉਹੋ ਹੈ। ਇਥੇ ਬੈਠੇ ਨੂੰ ਮੈਂ ਉਸ ਨੂੰ ਦੇਖ ਲਿਆ ਸੀ। ਉਸ ਤੋਂ ਤਾਂ ਮੈਂ ਖਿਮਾ ਵੀ ਨਹੀਂ ਮੰਗਦਾ, ਉਹ ਖਿਮਾ ਵਰਗੀਆਂ ਰਸਮਾਂ ਤੋਂ ਪਾਰ ਹੈ।
ਧਮਪਦ ਸ਼ਬਦ ਦੇ ਮਾਇਨੇ ਹਨ ਸੱਚ ਦਾ ਰਸਤਾ, ਹੋਰ ਸ਼ੁਧ ਅਰਥ ਹਨ ਸੱਚ ਦੀਆਂ ਪੈੜਾਂ। ਤੁਹਾਨੂੰ ਇਸ ਵਿਚਲੀ ਗੜਬੜ ਦਾ ਪਤਾ ਲੱਗਾ ਕੁੱਝ ?