ਹਿੰਦੀ ਨਰਮ ਹੈ, ਵਪਾਰੀਆਂ ਦੀ ਬੋਲੀ, ਪੰਜਾਬੀ ਕਿਰਪਾਨ ਹੈ, ਸੂਰਮਿਆਂ ਦੀ ਬੋਲੀ, ਦਿਲ ਵਿਚ ਧਸਦੀ ਜਾਂਦੀ ਹੈ। ਫਰੀਦ ਬਾਣੀ ਨੂੰ ਪੰਜਾਬੀ ਵਿਚ ਗਾਈ ਜਾਂਦੀ ਸੁਣੋ। ਦਿਲ ਪੰਘਰਨ ਲਗੇਗਾ।
ਜਦੋਂ ਮੈਂ ਪੰਜਾਬ ਜਾਂਦਾ, ਪੁਛਦਾ- ਮੈਨੂੰ ਫਰੀਦ ਬਾਣੀ ਦਾ ਕੀਰਤਨ ਸੁਣਾ ਦਿਉਗੇ? ਇਕ ਵਾਰ ਇਕ ਕੀਰਤਨੀਆ ਤਿਆਰ ਹੋ ਗਿਆ ਜਿਸ ਨੂੰ ਪਤਾ ਸੀ ਫਰੀਦ ਕਿਵੇਂ ਗਾਈਦਾ ਹੈ। ਕਮਾਲ ਦੇ ਕੀਰਤਨੀਏਂ... ਗਜ਼ਬ ਦੇ ਛਿਣ.. ਪੰਜਾਬੀ ਦੀ ਆਪਣੀ ਆਭਾ ਹੈ। ਹਰ ਜ਼ਬਾਨ ਦਾ ਆਪਣਾ ਮੰਡਲ ਹੁੰਦਾ ਹੈ। ਪੰਜਾਬੀ ਜ਼ਬਾਨ ਉਹ ਤੇਗ ਹੈ ਜਿਸ ਨੂੰ ਤੁਸੀਂ ਹੋਰ ਤਿੱਖੀ ਨਹੀਂ ਕਰ ਸਕਦੇ।
ਨੌਵੀ ਕਿਤਾਬ। ਮੈਂ ਕਾਹਲੀ ਵਿਚ ਹਾਂ, ਮੇਰਾ ਸਮਾਂ ਖਤਮ ਹੋਣ ਵਾਲਾ ਹੈ, ਪਤਾ ਨੀਕੀ ਹੋ ਗਿਆ ਹੋਵੇ ਕਿਉਂਕਿ ਗੁਡੀਆ ਆਉਂਦੀ ਦਿਸ ਗਈ। ਕਿੰਨਾ ਅਫਸੋਸਜਨਕ ਹੈ, ਵਕਤ ਤੁਹਾਨੂੰ ਅਤੇ ਮੈਨੂੰ ਇਕੋ ਸੋਟੀ ਨਾਲ ਹੱਕੀ ਜਾਂਦਾ ਹੈ। ਇਤਿਹਾਸਕ ਕ੍ਰਮ ਨਿਰਪੇਖ ਹੋਣ ਦੀ ਥਾਂ ਸਾਪੇਖ ਹੁੰਦਾ ਹੈ। ਮੇਰੇ ਉਤੇ ਆਈਨਸਟੀਨ ਦੇ ਸਾਪੇਖਤਾ ਸਿਧਾਂਤ ਲਾਗੂ ਨਹੀਂ ਹੋਣੇ ਚਾਹੀਦੇ। ਅਨੰਤ ਹੋਣਾ ਚਾਹੀਦੈ। ਪਰ ਅਜਿਹਾ ਹੋਣਾ ਨਹੀਂ ਇਸ ਲਈ ਮੈਂ ਕਾਹਲ ਵਿਚ ਹਾਂ। ਤੁਹਾਨੂੰ ਪਤੇ ਜਦੋਂ ਮੈਂ ਜਲਦਬਾਜ਼ੀ ਕਰਦਾ ਹੋਵਾਂ ਉਦੋਂ ਮੈਂ ਬੜੇ ਆਰਾਮ ਵਿਚ ਹੁੰਨਾ।
ਨੌਵਾਂ ਸ਼ਾਇਰ ਹੈ, ਗਾਇਕ ਹੈ, ਨ੍ਰਿਤਕਾਰ ਹੈ ਪਰ ਹੈ ਵਖਰੀ ਤਰ੍ਹਾਂ ਦਾ। ਇਹ ਹੈ ਸ਼ਿਵ ਦੀ ਕਿਤਾਬ ਵਿਗਿਆਨ ਭੈਰਵ ਤੰਤਰ । ਇਸ ਬਾਰੇ ਗਲਾਂ ਕੀਤੀਆਂ ਹਨ ਮੈਂ। ਛੋਟੇ ਆਕਾਰ ਦੀ ਕਿਤਾਬ ਹੈ, 120 ਸੂਤਰਾਂ ਦੀ। ਇਕ ਪੰਨੇ ਤੇ ਲਿਖੀ ਜਾ ਸਕਦੀ ਹੈ, ਹੱਦ ਦੋ ਪੰਨੇ ਹੋ ਜਾਣਗੇ। ਮੈਂ ਹਜ਼ਾਰਾਂ ਪੰਨਿਆਂ ਦੇ ਵਖਿਆਨ ਦੇ ਚੁਕਿਆ ਇਸ ਉਪਰ, ਪੰਜ ਜਿਲਦਾਂ ਬਣ ਗਈਆਂ, ਨਾਮ ਰੱਖਿਆ - ਰਹੱਸਾਂ ਦੀ ਕਿਤਾਬ। ਸ਼ਿਵ ਦੀ ਕਿਤਾਬ ਜਿੰਨੀ ਸੰਘਣੀ, ਗੂੜ੍ਹੀ ਕੋਈ ਹੋਰ ਕਿਤਾਬ ਹੋਏਗੀ ਕਹਿ ਨਹੀਂ ਸਕਦਾ। ਹਰੇਕ ਸੂਤਰ ਆਪਣੇ ਆਪ ਵਿਚ ਸੰਪੂਰਨ ਵਿਉਂਤਬੰਦੀ ਹੈ, ਵਿਲੱਖਣ ਗੱਲ ਹੈ।
ਵਿਘਨ ਨਾ ਪਾ ਦੇਵਗੀਤ। ਮੈਨੂੰ ਕੰਮ ਨਿਬੇੜਨ ਦੇਹ। ਕੁਰਸੀ ਤੇ ਬੈਠੇ ਬੰਦੇ ਨੂੰ ਮਰੀਜ਼ ਕਹਿੰਦੇ ਨੇ, ਡਾਕਟਰਾਂ ਨੂੰ ਕਹੋ ਧੀਰਜ ਰੱਖਣ। ਤੂੰ ਡਾਕਟਰ ਨਹੀਂ ਆਬੂ ਸੋ ਠੰਢ ਰੱਖ। ਕੋਈ ਔਰਤ ਫਿਕਰਮੰਦ ਨਹੀਂ ਹੁੰਦੀ। ਇਹ ਵੱਖਰੀ ਗੱਲ ਹੈ, ਉਸ ਕਰਕੇ ਦੂਜੇ ਫਿਕਰਮੰਦ ਹੋ ਜਾਂਦੇ ਨੇ। ਦੇਖੋ ਗੁਡੀਆ ਹੱਸ ਰਹੀ ਹੈ, ਅੰਗਰੇਜ਼ ਔਰਤਾਂ ਇਉਂ ਕਰਿਆ ਨੀ ਕਰਦੀਆਂ।
ਅੱਛਾ। ਹਾਸਾ ਹਮੇਸ਼ਾ ਗੁਣਕਾਰੀ ਹੁੰਦੇ, ਮੈਨੂੰ ਚੰਗਾ ਲਗਦੈ, ਹੱਸੋ ਭਾਵੇਂ ਰੋਵੋ ਮੈਂ ਆਪਣਾ ਕੰਮ ਕਰਨਾ ਹੈ, ਕੁਰਸੀ ਤੇ ਬੈਠੇ ਬੰਦੇ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਵਾਸਤਾ ਨਹੀਂ। ਮੈਂ ਚਟਾਨ ਜਿੰਨਾ ਸਖਤ ਤੇ ਕੰਵਲ ਜਿੰਨਾ ਨਰਮ ਹਾਂ, ਮੈਂ ਦੋਵੇਂ ਹਾਂ। ਗੱਲ ਹੋਰ ਸਾਫ ਕਰ ਦਿਆਂ, ਪਹਿਲਾਂ ਮੈਂ ਚਟਾਨ ਹਾਂ ਜਿਸ