ਗੁਰੂ ਨਾਨਕ ਨੇ ਕਿਹਾ- ਸੱਚ, ਅਨੰਤ ਸੱਚ ਅਕਥ ਹੈ, ਸੋ ਮੈਨੂੰ ਖਿਮਾ ਕਰਨਾ, ਮੈਂ ਕਥਨ ਨਹੀਂ ਕਰਾਂਗਾ, ਗਾਵਾਂਗਾ। ਤੁਹਾਨੂੰ ਸੰਗੀਤ ਦੀ ਜ਼ਬਾਨ ਆਉਂਦੀ ਹੋਵੇ ਤਾਂ ਤੁਸੀਂ ਜਾਣ ਸਕਦੇ ਹੈ। ਫਿਰ ਸ਼ਾਇਦ ਤੁਹਾਡੇ ਦਿਲ ਦੀ ਕੋਈ ਤਰਥ ਛੁਹੀ ਜਾਏ। ਦੀਵੇ ਦੀ ਰੋਸ਼ਨੀ ਦਾ ਸੰਚਾਰ ਲਫਜ਼ਾਂ ਤੋਂ ਪਾਰ ਹੈ।
ਗੁਰੂ ਗ੍ਰੰਥ ਸਾਹਿਬ... ਸਿਖ ਇਸ ਨੂੰ ਸਾਹਿਬ ਆਖਦੇ ਹਨ, ਇਸ ਦਾ ਇਉਂ ਸਤਿਕਾਰ ਕਰਦੇ ਹਨ ਜਿਵੇਂ ਜੀਵੰਤ ਗੁਰੂ ਹੋਵੇ। ਇਹ ਉਨ੍ਹਾਂ ਦੇ ਗੁਰੂ ਦੀ ਰੂਹ ਹੈ। ਕਿਤਾਬ ਤਾਂ ਕਿਤਾਬ ਹੈ, ਜੇ ਗੁਰੂ ਇਸ ਵਿਚੋਂ ਗੈਰ ਹਾਜ਼ਰ ਹੋ ਜਾਵੇ ਤਾਂ ਕਿਤਾਬ ਲਾਸ਼ ਹੈ, ਸ਼ਬਦ ਮੁਰਦਾ ਹਨ।
ਡੱਚ ਪਾਰਲੀਮੈਂਟ ਨੇ ਫਿਰਕਿਆਂ ਅਤੇ ਸੰਪਰਦਾਇਆਂ ਦੀ ਖੋਜ ਕਰਨ ਵਾਸਤੇ ਕਮਿਸ਼ਨ ਬਿਠਾ ਦਿੱਤਾ। ਉਨ੍ਹਾਂ ਦੀ ਖੋਜ ਵਿਚ ਸਭ ਤੋਂ ਪਹਿਲਾਂ ਮੈਂ ਆਇਆ। ਹਾਲੈਂਡ ਵਿਚਲੇ ਆਪਣੇ ਬੰਦਿਆਂ ਨੂੰ ਮੈਂ ਦੱਸ ਦਿੱਤਾ ਜੋ ਕਹਿਣਾ ਸੀ- ਅਸੀਂ ਤੁਹਾਨੂੰ ਸਹਿਯੋਗ ਨਹੀਂ ਦੇ ਸਕਦੇ ਕਿਉਂਕਿ ਅਸੀਂ ਨਾ ਫਿਰਕਾ ਹਾਂ ਨਾ ਸੰਪਰਦਾ। ਅਸੀਂ ਧਰਮ ਹਾਂ। ਤੁਸੀਂ ਫਿਰਕੇ ਤੇ ਸੰਪਰਦਾਇ ਦੇਖਣੇ ਹੋਣ ਤਾਂ ਬਹੁਤ ਸਾਰੇ ਹਨ ਈਸਾਈ, ਯਹੂਦੀ, ਹਿੰਦੂ, ਮੁਸਲਮਾਨ ਆਦਿਕ ਆਦਿਕ। ਦਰਅਸਲ ਮੈਂ ਇਸ ਗੱਲ ਨੂੰ ਏਨੀ ਵਾਰ ਦੁਹਰਾਉਂਦਾ ਕਿ ਚਕਰ ਆ ਜਾਂਦੇ।
ਕਮਿਸ਼ਨ ਫਿਕਰਮੰਦ ਹੋ ਗਿਆ। ਉਸ ਨੇ ਹਾਲੈਂਡ ਵਿਚ ਮੇਰੇ ਸਨਿਆਸੀਆਂ ਨੂੰ ਪੱਤਰ ਲਿਖ ਕੇ ਫਿਰ ਕਿਹਾ- ਕਿਰਪਾ ਕਰਕੇ ਸਾਨੂੰ ਸਹਿਯੋਗ ਦਿਉ। ਮੇਰੇ ਲੋਕਾਂ ਨੇ ਫਿਰ ਮੈਨੂੰ ਪੁੱਛਿਆ ਕੀ ਕਰੀਏ। ਮੈਂ ਦੱਸਿਆ- ਜੋ ਕਰਨਾ ਹੈ ਮੈਂ ਦਸ ਦਿੱਤਾ। ਜਦੋਂ ਤਕ ਧਰਮ ਦੀ ਰੂਹ ਤਲਾਸਣ ਵਾਸਤੇ ਉਹ ਕਮਿਸ਼ਨ ਨਹੀਂ ਥਾਪਦੇ, ਸਹਿਯੋਗ ਨਾ ਦਿਉ।
ਉਨ੍ਹਾਂ ਦੀ ਮੂਰਖਤਾ ਦੇਖੋ : ਡੱਚ ਪਾਰਲੀਮੈਂਟ ਵਿਚ ਬਹੁ ਗਿਣਤੀ ਈਸਾਈ ਡੈਮੋਕਰੈਟਾਂ ਦੀ ਹੈ। ਕਮਿਸ਼ਨ ਦੇ ਸਾਰੇ ਕਰਿੰਦੇ ਕ੍ਰਿਸਚਨ ਡੈਮੋਕਰੈਟਿਕ ਪਾਰਟੀ ਦੇ ਹਨ। ਉਹ ਨੇ ਇਕ ਫਿਰਕਾ, ਇਕ ਸੰਪਰਦਾ। ਮੇਰੇ ਲੋਕ ਸੰਪਰਦਾ ਨਹੀਂ। ਮੈਂ ਅਜੇ ਜਿਉਂਦਾ ਤੇ ਕਰਮਸ਼ੀਲ ਹਾਂ। ਧਰਮ ਦੀ ਹੋਂਦ ਉਦੋਂ ਹੋਇਆ ਕਰਦੀ ਹੈ ਜਦੋਂ ਉਸਦੇ ਮਾਲਕ ਦਾ ਦਿਲ ਧੜਕਦਾ ਹੋਵੇ। ਗੁਰੂ ਦਾ ਸਾਹ ਧਰਮ ਹੁੰਦਾ ਹੈ।
ਗੁਰੂ ਗ੍ਰੰਥ ਵਿਚ ਜੀਵੰਤ, ਸਾਹਿਬ ਦਿਮਾਗ ਗੁਰੂਆਂ ਦੀ ਬਾਣੀ ਹੈ। ਮੈਂ ਕਹਿਨਾ ਕੋਈ ਹੋਰ ਗ੍ਰੰਥ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹ ਲਾਸਾਨੀ ਹੈ। ਗੁਰੂ ਨਾਨਕ ਨੇ ਕਿਹਾ ਹੈ - ੴ ਸਤਿਨਾਮ, ਸੱਤ ਇਕ ਹੈ ਉਸਦਾ ਨਾਮ ਅਕਥ ਹੈ। ਪੂਰਬ ਵਿਚ ਅਸੀਂ ਉਸ ਨੂੰ ਓਅੰਕਾਰ ਕਹਿੰਦੇ ਹਾਂ, ਓਮ, ਸਿਰਫ ਉਹੀ ਸਤਿ ਹੈ, ਖਾਮੋਸ਼ੀ ਦੀ ਆਵਾਜ਼। ਧੁਨੀ ਬਾਦ ਜਿਹੜੀ ਖਾਮੋਸ਼ੀ ਥਿਰ ਰਹਿ ਜਾਂਦੀ ਹੈ ਉਹ ਹੈ ੴ ਸਤਿਨਾਮ।