ਕਸ਼ਮੀਰ ਵਿਚ ਗੁਆਚ ਗਿਆ ਸੀ, ਉਹ ਇਹੀ ਹੈ ਜਿਸ ਨੂੰ ਮੂਸਾ ਲਭਦਾ ਫਿਰਿਆ। ਮੂਲ ਰੂਪ ਵਿਚ ਇਹ ਆਦਿ ਜੁਗਾਦੀ ਯਹੂਦੀ ਹਨ।
ਆਪਣੇ ਕਾਰਵਾਂ ਦੀ ਅਗਵਾਈ ਕਰਦਾ ਮੂਸਾ ਇਜ਼ਰਾਈਲ ਵਲ ਜਾ ਰਿਹਾ ਸੀ। ਹੈਰਾਨੀ ਹੁੰਦੀ ਹੈ ਇਹ ਪਾਗਲ ਕੀ ਕਰ ਰਿਹਾ ਸੀ, ਇਜ਼ਰਾਈਲ ਵਲ ਕਿਉਂ? ਪਰ ਭਾਈ ਪਾਗਲ ਪਾਗਲ ਹੁੰਦੇ ਨੇ, ਇਸ ਗਲ ਦੀ ਕੋਈ ਥਾਹ ਨਹੀਂ ਪਾ ਸਕਦਾ। ਮੂਸਾ ਆਪਣੇ ਲੋਕਾਂ ਵਾਸਤੇ ਥਾਂ ਲੱਭ ਰਹਾ ਸੀ। ਮਾਰੂਥਲ ਵਿਚ ਉਹ ਚਾਲੀ ਸਾਲ ਘੁੰਮਦਾ ਰਿਹਾ, ਫਿਰ ਇਜ਼ਰਾਈਲ ਲੱਭ ਲਿਆ।
ਇਸ ਦੌਰਾਨ ਉਸਦਾ ਇਕ ਕਬੀਲਾ ਭਟਕ ਗਿਆ। ਇਹ ਕਬੀਲਾ ਕਸ਼ਮੀਰ ਪੁੱਜ ਗਿਆ।
ਭਟਕ ਜਾਣਾ ਕਦੀ ਫਾਇਦੇਮੰਦ ਹੋਇਆ ਕਰਦਾ ਹੈ। ਮੂਸਾ ਉਨ੍ਹਾਂ ਨੂੰ ਲੱਭ ਨਾ ਸਕਿਆ। ਤੁਹਾਨੂੰ ਪਤੇ ਇਸ ਭਟਕੇ ਕਬੀਲੇ ਨੂੰ ਲਭਦਾ ਲਭਦਾ ਮੂਸਾ ਕਸ਼ਮੀਰ ਪੁੱਜ ਗਿਆ ਸੀ? ਉਥੇ ਹੀ ਉਸ ਦਾ ਦੇਹਾਂਤ ਹੋਇਆ। ਇਜ਼ਰਾਈਲ ਵਿਚ ਨਹੀਂ, ਉਸਦਾ ਮਕਬਰਾ ਕਸ਼ਮੀਰ ਵਿਚ ਹੈ।
ਅਸਚਰਜ ਹੈ, ਮੋਜਜ਼ ਦਾ ਦੇਹਾਂਤ ਕਸ਼ਮੀਰ ਵਿਚ ਹੋਇਆ, ਈਸਾ ਦੀ ਮੌਤ ਕਸ਼ਮੀਰ ਵਿਚ ਹੋਈ। ਮੈਂ ਗਿਆ ਕਸ਼ਮੀਰ ਬੜੀ ਵਾਰ, ਮੈਨੂੰ ਪਤੇ ਇਹ ਹੈ ਉਹ ਥਾਂ ਜਿਥੇ ਕੋਈ ਕਹੇ - ਅੱਲਾ, ਇਸੇ ਪਲ ਕੀ ਮੈਂ ਮਰ ਸਕਦਾਂ, ਇਥੇ, ਹੁਣੇ?...ਏਨਾ ਸੁਹਣਾ ਥਾਂ ਕਿ ਇਸ ਨੂੰ ਦੇਖਣ ਬਾਦ ਜਿਉਣਾ ਫਜ਼ੂਲ ।
ਕਸ਼ਮੀਰੀ ਸੁਹਣੇ ਹਨ, ਗਰੀਬ ਪਰ ਸੁਹਣੇ ਬੇਅੰਤ। ਲੱਲਾ ਕਸ਼ਮੀਰਨ ਸੀ, ਅਨਪੜ੍ਹ ਪਰ ਗਾਉਂਦੀ, ਨਚਦੀ। ਉਸ ਦੇ ਕੁਝ ਗੀਤ ਲੋਕਾਂ ਨੂੰ ਯਾਦ ਰਹਿ ਗਏ ਹਨ। ਆਪ ਤਾਂ ਨਹੀਂ ਬਚੀ, ਗੀਤ ਬਚ ਗਏ। ਆਪਣੀ ਲਿਖਤ ਦੇ ਆਖਰ ਵਿਚ ਮੈਂ ਉਸ ਦਾ ਨਾਮ ਲਿਖ ਲਿਆ ਹੈ।
ਪੰਜਵਾਂ ਇਕ ਹੋਰ ਸਾਧਕ ਹੈ, ਤਾਂਤਰਿਕ ਗੋਰਖ, ਉਹ ਆਦਮੀ ਜਿਹੜਾ ਤੰਤਰ ਵਿਦਿਆ ਦੇ ਸਾਰੇ ਭੇਦਾਂ ਵਿਚ ਨਿਪੁੰਨ ਹੈ। ਜਿਸ ਬੰਦੇ ਦੇ ਬਹੁਤ ਸਾਰੇ ਲੰਮੇ ਚੌੜੇ ਕਾਰੋਬਾਰ ਹੋਣ, ਉਸ ਨੂੰ ਕਿਹਾ ਜਾਂਦਾ ਹੈ ਕਿ ਇਹ ਗੋਰਖਧੰਦਾ ਕਰ ਰਿਹੈ। ਗੋਰਖ ਧੰਦੇ ਦਾ ਮਤਲਬ ਹੈ ਗੋਰਖ ਵਾਂਗ ਉਲਝਣਾ ਤੋਂ ਜਾਣੂੰ। ਲੋਕਾਂ ਦਾ ਖਿਆਲ ਹੈ ਬੰਦੇ ਨੂੰ ਇਕੋ ਕੰਮ ਵਿਚ ਨਿਪੁੰਨ ਹੋਣਾ ਚਾਹੀਦਾ ਹੈ। ਗੋਰਖ ਨੇ ਸਾਰੇ ਕੰਮਾਂ ਵਿਚ ਸਾਰੀਆਂ ਦਿਸ਼ਾਵਾਂ ਵਿਚ ਨਿਪੁੰਨਤਾ ਹਾਸਲ ਕੀਤੀ।
ਗੋਰਖ ਦਾ ਪੂਰਾ ਨਾਮ ਗੋਰਖਨਾਥ। ਉਸ ਦੇ ਚੇਲਿਆਂ ਨੇ ਰੱਖਿਆ ਹੋਣਾ ਇਹ ਨਾਮ ਕਿਉਂਕਿ ਨਾਥ ਮਾਇਨੇ ਮਾਲਕ। ਅੰਦਰਲੇ ਰਹੱਸ ਖੋਲ੍ਹਣ ਵਾਸਤੇ ਗੌਰਖ ਨੇ ਸਾਰੀਆਂ ਕੁੰਜੀਆਂ ਘੜ ਲਈਆਂ। ਜੋ ਗਲ ਕਹੀ ਜਾ ਸਕਣੀ ਸੰਭਵ ਹੈ ਉਸ ਨੇ ਕਹਿ ਦਿੱਤੀ। ਇਉਂ ਕਹੋ ਕਿ ਇਕ ਤਰੀਕੇ ਉਹ ਪੂਰਣ ਵਿਰਾਮ ਹੈ, ਫੁੱਲ ਸਟਾਪ।