ਪਰ ਦੁਨੀਆਂ ਨੇ ਤਾਂ ਚਲਦੀ ਰਹਿਣਾ ਹੈ, ਮੈਂ ਵੀ। ਦੁਨੀਆਂ ਨੂੰ ਕਿਸੇ ਫੁਲਸਟਾਪ ਦਾ ਪਤਾ ਨਹੀਂ, ਨਾ ਮੈਨੂੰ ਪਤਾ। ਮੈਂ ਵਾਕ ਦੇ ਵਿਚਕਾਰ ਮਰਾਂਗਾ, ਲੋਕ ਹਮੇਸ਼ਾ ਸੋਚਦੇ ਰਹਿਣਗੇ ਮੈਂ ਕੀ ਗੱਲ ਕਰਨੀ ਸੀ ਮੈਂ ਵਾਕ ਕਿਵੇਂ ਪੂਰਾ ਕਰਨਾ ਸੀਐ ਗੋਰਖ ਨਾਥ ਦਾ ਕਦਰਦਾਨ ਹਾਂ। ਉਸ ਬਾਰੇ ਮੈਂ ਬਹੁਤ ਗੱਲਾਂ ਕੀਤੀਆਂ ਹਨ। ਇਕ ਦਿਨ ਉਨ੍ਹਾਂ ਦਾ ਅਨੁਵਾਦ ਹੋ ਹੀ ਜਾਣਾ ਹੈ। ਫਿਰ ਇਸ ਬੰਦੇ ਉਤੇ ਹੋਰ ਸਮਾਂ ਕਿਉਂ ਜਾਇਆ ਕਰਨਾ ਹੋਇਆ।
ਅਕਸਰ ਇਸ ਤਰ੍ਹਾਂ ਹੋਇਆ ਨਹੀਂ ਕਰਦਾ ਕਿ ਇਕਲਾ ਕਾਰਾ ਬੰਦਾ ਦੋ ਸ਼ਾਹਕਾਰ ਸਿਰਜ ਦਏ ਪਰ ਹੁਬੇਰ ਬੇਨੋਈ Hubert Benoit ਨੇ ਦਿਖਾ ਦਿੱਤਾ ਹੋ ਸਕਦੈ। ਫਰਾਂਸੀਸੀ ਇਹ ਨਾਮ ਕਿਵੇਂ ਲੈਂਦੇ ਨੇ ਪਤਾ ਨੀਂ, ਜਿਨੇ ਉਹ ਸਹੀ ਉਚਾਰਣ ਬਾਰੇ ਸਨਕੀ ਨੇ ਉਨਾ ਮੈਂ ਬੇਪ੍ਰਵਾਹ। ਕਦੀ ਕਦਾਈਂ ਕਿਸੇ ਲਫਜ਼ ਦਾ ਉਚਾਰਣ ਗਲਤ ਹੋ ਜਾਏ ਕੀ ਫਰਕ ਪੈਂਦੇ ? ਤਾਂ ਉਮਰ ਮੈਂ ਗਲਤ ਉਚਾਰਣ ਕਰਦਾ ਰਿਹਾ।
ਹੁਬੇਰ ਬੇਨੋਈ ਦੀ ਪਹਿਲੀ ਕਿਤਾਬ ਚਲੋ ਚੱਲੀਏ LET GO ਦਰਅਸਲ ਉਸਦੀ ਦੂਜੀ ਕਿਤਾਬ ਹੈ। ਚਲੋ ਚੱਲੀਏ ਤੋਂ ਪਹਿਲਾਂ ਉਸ ਨੇ ਸਰਬੋਤਮ ਸਿਧਾਂਤ SUPREME DOCTRINE ਲਿਖੀ ਸੀ। ਇਸ ਕਿਤਾਬ ਨੂੰ ਵੀ ਲਿਸਟ ਵਿਚ ਰੱਖਾਂਗਾ, ਨਹੀਂ ਤਾਂ ਮੈਨੂੰ ਦੁੱਖ ਹੋਵੇਗਾ। ਬਹੁਤ ਵਧੀਆ ਕਿਤਾਬ ਹੈ ਇਹ, ਪਰ ਸਮਝਣੀ ਬੜੀ ਕਠਿਨ। ਬੇਨੋਈ ਨੇ ਇਸ ਨੂੰ ਬਹੁਤ ਸੰਖੀ ਬਣਾਉਣ ਦਾ ਯਤਨ ਕੀਤਾ।
ਸੱਤਵੀਂ ਕਿਤਾਬ। ਬੜਾ ਰਹੱਸਮਈ ਹੈ ਸੱਤ ਨੰਬਰ ਹਿੰਦਸਾ। ਠੀਕ ਹੈ ਇਸ ਰਹੱਸਪੂਰਣ ਨੰਬਰ ਤੇ ਰਹੱਸਮਈ ਬੰਦੇ ਨੂੰ ਰਖਾਂਗਾ, ਸ਼ਿਵ ਨੂੰ। ਸਰਵੋਤਮ ਨੇਕੀ ਵਾਸਤੇ ਹਿੰਦੂ ਸੰਕਲਪ ਸ਼ਿਵਮ ਹੈ। ਸ਼ਿਵ ਦੇ ਨਾਮ ਹੇਠ ਬੜੇ ਗ੍ਰੰਥ ਹਨ, ਕੁਝ ਉਸ ਦੇ ਹਨ ਕੁਝ ਨਹੀਂ। ਪ੍ਰਵਾਨ ਹੋਣ ਵਾਸਤੇ ਲੇਖਕਾਂ ਨੇ ਸ਼ਿਵ ਦਾ ਨਾਮ ਵਰਤ ਲਿਆ। ਪਰ ਸ਼ਿਵ ਸੂਤਰ ਪ੍ਰਮਾਣਿਕ ਗ੍ਰੰਥ ਹੈ। ਹਿੰਦੀ ਵਿਚ ਇਸ ਬਾਰੇ ਗੱਲ ਕਰ ਚੁਕਾ ਹਾਂ, ਸੋਚਿਆ ਅੰਗਰੇਜ਼ੀ ਵਿਚ ਵੀ ਕੁਝ ਕਹਾਂ। ਇਸ ਵਾਸਤੇ ਮੈਂ ਤਰੀਕ ਵੀ ਮੁਕੱਰਰ ਕਰ ਦਿੱਤੀ ਸੀ ਪਰ ਤੁਹਾਨੂੰ ਪਤਾ ਈ ਐ ਮੇਰਾ ...।
ਸ਼ਿਵ ਸੂਤਰ ਵਿਚ ਧਿਆਨ ਲਾਉਣ ਦੀਆਂ ਸਾਰੀਆਂ ਵਿਧੀਆਂ ਹਨ, ਕੋਈ ਵਿਧੀ ਅਜਿਹੀ ਨਹੀਂ ਜਿਹੜੀ ਇਸ ਗ੍ਰੰਥ ਵਿਚ ਸ਼ਾਮਲ ਹੋਣੋ ਰਹਿ ਗਈ ਹੋਵੇ। ਧਿਆਨੀਆਂ ਦੀ ਬਾਈਬਲ ਹੈ ਸ਼ਿਵ ਸੂਤਰਾ।
ਮੈਨੂੰ ਪਤੈ ਆਸ਼ੂ ਸਰੋਤੇ ਕਿਉਂ ਹੱਸ ਰਹੇ ਹਨ। ਹਸਣ ਦੇਹ। ਮੈਂ ਬਹੁਤ ਧੀਮੀ ਆਵਾਜ਼ ਵਿਚ ਬੋਲ ਰਿਹਾਂ ਇਸ ਕਰਕੇ ਹਸਦੇ ਨੇ। ਮੈਨੂੰ ਬੋਲਣ ਵਿਚ ਆਨੰਦ ਆ ਰਿਹੈ, ਉਹ ਹਸਣ ਵਿਚੋਂ ਅਨੰਦ ਲੈ ਰਹੇ ਨੇ। ਬਹੁਤ ਅੱਛਾ ਆਸ਼ੂ, ਕਦੀ ਕਦਾਈਂ ਇਹੋ ਜਿਹੀ ਚੰਗੀ ਔਰਤ ਮਿਲਦੀ ਹੈ। ਸੁਹਣੀਆਂ ਔਰਤਾਂ ਬੜੀਆਂ ਨੇ ਜਹਾਨ ਵਿਚ ਯਾ ਰੱਬ, ਚੰਗੀਆਂ ਔਰਤਾਂ ਬਹੁਤ ਘੱਟ। ਮੂਰਖਾਂ ਨੂੰ ਹੱਸੀ ਜਾਣ ਦੇ। ਉੱਨਾ ਹੌਲੀ ਬੋਲਾਂਗਾ ਜਿੰਨਾ ਮੇਰਾ ਦਿਲ ਕੀਤਾ।