ਮੈਂ ਸ਼ਿਵਸੂਤਰ ਬਾਰੇ ਦੱਸ ਰਿਹਾ ਸੀ। ਇਸ ਗ੍ਰੰਥ ਵਰਗਾ ਹੋਰ ਨਹੀਂ ਕੋਈ, ਵਿਲੱਖਣ ਹੈ, ਲਾਸਾਨੀ।
ਅੱਠਵੀਂ। ਭਾਰਤੀ ਸਾਧਕ ਗੋਰੰਗ ਦੀ ਕਮਾਲ ਦੀ ਕਿਤਾਬ। ਗੌਰੰਗ ਲਫਜ਼ ਦਾ ਅਰਥ ਹੈ ਸਫੈਦ। ਉਹ ਬਹੁਤ ਸੁਹਣਾ ਸੀ। ਸਾਹਮਣੇ ਖੜਾ ਉਹ ਮੈਨੂੰ ਸਾਫ ਦਿਖਾਈ ਦੇ ਰਿਹੈ, ਸਫੈਦ, ਬਰਫ ਵਰਗਾ ਸਫੈਦ। ਇੰਨਾ ਸੁਹਣਾ ਕਿ ਪਿੰਡ ਦੀਆਂ ਸਾਰੀਆਂ ਕੁੜੀਆਂ ਉਸ ਨਾਲ ਇਸ਼ਕ ਕਰਨ ਲੱਗੀਆਂ। ਉਸ ਨੇ ਵਿਆਹ ਨਾ ਕਰਵਾਇਆ। ਇਕ ਮੁੰਡਾ ਕਿਸ ਕਿਸ ਨਾਲ ਵਿਆਹ ਕਰਾਏ ! ਉਸ ਨਾਲ ਤਾਂ ਲੱਖਾਂ ਨੱਛੀਆਂ ਵਿਆਹ ਲਈ ਤਿਆਰ ਸਨ। ਇਹ ਬਹੁਤ ਜਿਆਦਤੀ ਹੈ, ਇਉਂ ਤਾਂ ਬੰਦਾ ਮਰ ਜਾਏ। ਹੁਣ ਤੁਹਾਨੂੰ ਵੀ ਪਤਾ ਲਗ ਗਿਆ ਮੈਂ ਕਿਉਂ ਛੜਾ ਰਿਹਾ।
ਗੋਰੰਗ ਨਚਕੇ ਗਾਕੇ ਆਪਣੀ ਗੱਲ ਕਹਿੰਦਾ। ਉਸ ਦਾ ਸੁਨੇਹਾ ਸ਼ਬਦਾਂ ਰਾਹੀਂ ਘੱਟ ਸੁਰਾਂ ਰਾਹੀਂ ਵਧੀਕ ਸਪਸ਼ਟ ਹੁੰਦਾ। ਗੌਰੰਗ ਨੇ ਕਿਤਾਬ ਨਹੀਂ ਲਿਖੀ, ਬਥੇਰੇ ਸਨ ਲਿਖਣ ਵਾਲੇ। ਉਨ੍ਹਾਂ ਨੇ ਗੀਤ ਇੱਕਠੇ ਕਰ ਲਏ। ਉਸ ਦੇ ਗੀਤਾਂ ਵਰਗਾ ਸੁਹਣਾ ਸੰਗ੍ਰਹਿ ਹੋਰ ਕੋਈ ਨਹੀਂ ਮੈਂ ਦੇਖਿਆ। ਨਾ ਉਸ ਤੋਂ ਪਹਿਲਾਂ ਨਾ ਉਸ ਤੋਂ ਪਿਛੋਂ। ਮੈਂ ਉਨ੍ਹਾਂ ਗੀਤਾਂ ਨੂੰ ਪਿਆਰ ਕਰਦਾ ਹਾਂ, ਹੋਰ ਕੀ ਕਹਾਂ?
ਨੌਵੀਂ ਕਿਤਾਬ ਫਿਰ ਭਾਰਤੀ ਸੂਫੀ ਦੀ ਹੈ। ਹੋ ਸਕਦੈ ਤੁਸੀਂ ਉਸਦਾ ਨਾਮ ਨਾ ਸੁਣਿਆ ਹੋਵੇ। ਉਸ ਦਾ ਨਾਮ ਸੀ ਦਾਦੂ ਦਾਦੂ ਮਾਇਨੇ ਭਰਾ। ਏਨਾ ਪਿਆਰਾ ਕਿ ਲੋਕ ਉਸ ਦਾ ਨਾਮ ਭੁੱਲ ਗਏ, ਦਾਦੂ ਯਾਦ ਰਹਿ ਗਿਆ, ਭਰਾ। ਦਾਦੂ ਨੇ ਹਜ਼ਾਰਾਂ ਗੀਤ ਗਾਏ ਜੋ ਲਿਖੇ ਨਹੀਂ, ਹੋਰਾਂ ਨੇ ਇਕੱਠੇ ਕਰ ਲਏ ਜਿਵੇਂ ਦੇਰ ਪਹਿਲਾਂ ਡਿਗੇ ਫੁੱਲਾਂ ਨੂੰ ਮਾਲੀ ਚੁਕੇ ਤੇ ਗੁੰਦ ਦਏ।
ਦਾਦੂ ਬਾਰੇ ਜੋ ਕਹਿਣੰ ਉਹ ਸਾਰੇ ਸਾਧੂਆਂ ਬਾਰੇ ਸੱਚ ਹੈ। ਲਿਖਣ ਦੇ ਝੰਜਟ ਤੋਂ ਸਾਰੇ ਬਚਦੇ ਰਹੇ। ਬੋਲੇ, ਗਾਇਆ, ਨੱਚੇ, ਰਮਜ਼ਾਂ ਰਾਹੀਂ ਗੱਲ ਸਮਝਾਈ ਪਰ ਲਿਖਿਆ ਨਹੀਂ ਕੁਝ। ਲਿਖ ਦੇਣ ਦਾ ਮਤਲਬ ਹੈ ਸੀਮਾਂ ਵਿਚ ਬੱਥ ਜਾਣਾ। ਸ਼ਬਦ ਵਿਚ ਸੰਕੋਚ ਹੈ ਤਾਂ ਹੀ ਸ਼ਬਦ ਹੈ। ਜੇ ਸ਼ਬਦ ਅਨੰਤ ਹੋ ਗਿਆ ਫਿਰ ਤਾਂ ਆਕਾਸ਼ ਹੋ ਗਿਆ, ਤਾਰਿਆਂ ਨਾਲ ਭਰਿਆ ਭਕੁੰਨਿਆਂ। ਸਾਧੂ ਦਾ ਅਨੁਭਵ ਇਹੋ ਹੁੰਦਾ ਹੈ।
ਮੈਂ ਕਿਹੜਾ ਕੁਝ ਲਿਖਿਐ... ਜਿਹੜੇ ਬਹੁਤ ਨਜ਼ਦੀਕ ਸਨ ਉਨ੍ਹਾਂ ਨੂੰ ਖਤ ਲਿਖੇ ਕੁਝ। ਸੋਚਿਆ ਸ਼ਾਇਦ ਸਮਝ ਜਾਣਗੇ। ਉਨ੍ਹਾਂ ਨੂੰ ਰਮਜ਼ ਦੀ ਸਮਝ ਲੱਗੀ ਕਿ ਨਾ ਪਤਾ ਨਹੀਂ। ਮੇਰੀ ਇਕੋ ਇਕ ਕਿਤਾਬ ਚਾਹਦਾ ਕੱਪ, A CUP OF TEA ਹੈ ਕੇਵਲ, ਜਿਸ ਬਾਰੇ ਕਿਹਾ ਜਾ ਸਕਦੈ ਕਿ ਮੈਂ ਲਿਖੀ। ਇਹ ਖਤਾਂ ਦਾ ਸੰਗ੍ਰਹਿ ਹੈ। ਹੋਰ ਨੀ ਮੈਂ ਕੁਝ ਲਿਖਿਆ।