ਜਿਉਂਦੇ ਜੀਅ ਨੀਤਸ਼ੇ ਨੇ ਆਪਣੀ ਕਿਤਾਬ ਆਪ ਕਿਉਂ ਨਾ ਛਪਵਾਈ? ਮੈਨੂੰ ਪਤੈ। ਇਹ ਉਸ ਦੇ ਵੀ ਵਸ ਦਾ ਕੰਮ ਨਹੀਂ ਸੀ। ਉਹ ਕੋਈ ਪਹੁੰਚਿਆ ਹੋਇਆ ਬੰਦਾ ਤਾਂ ਸੀ ਨਹੀ। ਡਰਦਾ ਸੀ, ਡਰਦਾ ਸੀ ਕਿ ਜੇ ਛਪ ਗਈ ਪਤਾ ਨੀ ਕੀ ਹੋਵੇ। ਕਿਤਾਬ ਕੀ ਸੀ, ਪੂਰੀ ਵਿਸਫੋਟਕ ਸਮੱਗਰੀ, ਡਾਇਨਾਮਾਈਟ। ਇਸ ਨੂੰ ਉਹ ਆਪਣੇ ਸਿਰਹਾਣੇ ਹੇਠ ਰੱਖਿਆ ਕਰਦਾ, ਸੋਣ ਵੇਲੇ ਵੀ ਨਾ ਕੱਢਦਾ। ਡਰਦਾ ਸੀ ਕਿਤੇ ਗਲਤ ਹੱਥਾਂ ਵਿਚ ਨਾ ਚਲੀ ਜਾਵੇ। ਲੋਕਾਂ ਦਾ ਖਿਆਲ ਗਲਤ ਹੈ ਕਿ ਉਹ ਬਹਾਦਰ ਬੰਦਾ ਸੀ, ਪੂਰਾ ਬੁਜ਼ਦਿਲ ਸੀ ਉਹ। ਪਰ ਕੁਦਰਤ ਦੇ ਅਜਬ ਰੰਗ ਹਨ, ਬੁਜ਼ਦਿਲਾਂ ਉਪਰ ਵੀ ਤਾਰਿਆਂ ਦੀ ਬਾਰਸ਼ ਹੋ ਜਾਇਆ ਕਰਦੀ ਹੈ, ਇਹੀ ਨੀਤਸ਼ੇ ਨਾਲ ਹੋਇਆ।
ਨੀਤਸ਼ੇ ਦਾ ਪੂਰਾ ਫਲਸਫਾ ਹਿਟਲਰ ਨੇ ਚੋਰੀ ਕੀਤਾ। ਹਿਟਲਰ ਏਡਾ ਢੱਗਾ ਸੀ ਕਿ ਕੁਝ ਵੀ ਸਹੀ ਕਰਨ ਦੇ ਸਮਰੱਥ ਨਹੀਂ ਸੀ। ਜਰਮਨੀ ਵਿਚ ਨਹੀਂ ਉਹ ਨੂੰ ਭਾਰਤ ਵਿਚ ਹੋਣਾ ਚਾਹੀਦਾ ਸੀ। ਮੁਕਤਾਨੰਦ ਦਾ ਚੇਲਾ ਬਣ ਜਾਂਦਾ। ਉਸ ਵਾਸਤੇ ਮੈਂ ਸੁਹਣਾ ਨਾ ਸੁਝਾਅ ਦਿੰਦਾ ਹਾਂ- ਸਵਾਮੀ ਈਡੀਅਟ ਨੰਦ। ਇਹ ਕੁਝ ਸੀ ਉਹ, ਆਦਮਜ਼ਾਤ ਦੇ ਇਤਿਹਾਸ ਵਿਚ ਸਰਬੋਤਮ ਗਧਾ।
ਉਹਨੂੰ ਲੱਗਾ ਉਸ ਨੂੰ ਨੀਤਸ਼ੇ ਸਮਝ ਵਿਚ ਆ ਗਿਆ। ਨੀਤਸ਼ੇ ਨੂੰ ਸਮਝਣਾ ਬੜਾ ਦੁਰਗਮ ਕਾਰਜ ਹੈ, ਏਨਾ ਸੂਖਮ, ਏਨਾ ਡੂੰਘਾ, ਏਨਾ ਮਜ਼ਬੂਤ। ਕਿਸੇ ਈਡੀਅਟ ਨੰਦ ਦੇ ਵਸ ਦਾ ਨਹੀਂ ਉਹ।
ਸਭ ਤੋਂ ਵਧੀਆ ਕਿਤਾਬ ਨੀਤਸ਼ੇ ਨੇ ਮਰਨ ਉਪਰਾਂਤ ਛਪਣ ਲਈ ਰੱਖ ਦਿੱਤੀ। ਉਸ ਦੀ ਇਕ ਕਿਤਾਬ THUS SPAKE ZARTHUSTRA ਬਾਰੇ ਮੈਂ ਪਹਿਲੋਂ ਗੱਲ ਕਰ ਚੁਕਾ ਹਾਂ। ਵਿਲ ਟੂ ਪਾਵਰ ਅਗੇ ਉਹ ਵੀ ਫਿਕੀ ਪੈਂ ਜਾਂਦੀ ਹੈ। ਇਹ ਕਿਤਾਬ ਫਿਲਾਸਫੀ ਦੀਆਂ ਕਿਤਾਬਾਂ ਵਾਂਗ ਸਿਲਸਿਲੇਵਾਰ ਨਹੀਂ ਲਿਖੀ ਹੋਈ, ਇਸ ਵਿਚ ਅਖਾਣ, ਮੁਹਾਵਰੇ, ਪ੍ਰਸੰਗ ਹਨ। ਜੇ ਕੋਈ ਲੜੀ ਹੈ ਤਾਂ ਤੁਹਾਨੂੰ ਆਪ ਜੋੜਨੀ ਪਵੇਗੀ। ਤੁਹਾਡੇ ਪੜ੍ਹਨ ਵਾਸਤੇ ਕਿਤਾਬ ਨਹੀਂ ਲਿਖੀ ਉਸ ਨੇ। ਤਾਂ ਹੀ ਛਪਣ ਪਿਛੋਂ ਵੀ ਬਹੁਤੀ ਨਹੀਂ ਪੜ੍ਹੀ ਗਈ। ਕਿਸ ਨੂੰ ਪ੍ਰਵਾਹ। ਕੌਣ ਮੱਥਾ ਮਾਰੇ। ਤੇ ਫਿਰ ਉਹ ਸੀ ਵੀ ਪਾਗਲਾ ਇਸ ਨੂੰ ਸਮਝਣ ਲਈ ਇਸ ਤੋਂ ਪਾਰ ਵੀ ਤਾਂ ਲੰਘਣਾ ਪਵੇਗਾ।
ਅੱਜ ਦੇ ਦਿਨ ਇਸ ਕਿਤਾਬ ਦਾ ਜ਼ਿਕਰ ਸਭ ਤੋਂ ਪਹਿਲਾਂ ਕਰਨ ਦਾ ਮਨ ਬਣਿਆਂ।
ਦੂਜੀ ਕਿਤਾਬ। ਮੁੜ ਪੀ.ਡੀ. ਉਸਪੈਂਸਕੀ ਦਾ ਜ਼ਿਕਰ ਕਰਨ ਲੱਗਾਂ। ਪਹਿਲਾਂ ਉਸ ਦੀਆਂ ਦੋ ਕਿਤਾਬਾਂ ਦਾ ਜ਼ਿਕਰ ਕਰ ਚੁਕਿਆ, ਇਕ ਹੈ ਟਰਸ਼ਿਅਮ ਓਰਗਾਨਮ ਜਿਹੜੀ ਉਸ ਨੇ ਆਪਣੇ ਉਸਤਾਦ ਗੁਰਜਿਫ ਨੂੰ ਮਿਲਣ ਤੋਂ ਪਹਿਲਾਂ ਲਿਖੀ।