A NEW MODEL OF THE UNIVERSE ਸ਼ਾਇਰੀ ਹੈ, ਮੇਰੇ ਨਜ਼ਰੀਏ ਦੇ ਐਨ ਨਜ਼ਦੀਕ, ਇਸ ਕਰਕੇ ਇਹ ਕਿਤਾਬ ਲਿਸਟ ਵਿਚ ਸ਼ਾਮਲ ਕੀਤੀ।
ਤੀਜੀ ਕਿਤਾਬ ਸਨਾਈ ਦੀ ਜਿਸ ਵਿਚ ਸੁਹਣੇ ਕਥਨ ਹਨ। ਸਨਾਈ ਵਰਗੇ ਲੋਕ ਬਹਿਸ ਨਹੀਂ ਕਰਦੇ, ਕਥਨ ਕਰਦੇ ਹਨ ਕੇਵਲ। ਉਨ੍ਹਾਂ ਨੂੰ ਦਲੀਲਾਂ ਦੇਣ ਦੀ ਕੀ ਲੋੜ? ਉਨ੍ਹਾਂ ਦਾ ਵਜੂਦ ਹੀ ਸਬੂਤ ਹੈ, ਹੋਰ ਦਲੀਲ ਦੀ ਕੀ ਲੋੜ। ਆਉ, ਮੇਰੀਆਂ ਅੱਖਾਂ ਵਿਚ ਦੇਖੋ, ਤੁਹਾਨੂੰ ਕੋਈ ਦਲੀਲ ਨਹੀਂ ਲੱਭੇਗੀ, ਕੇਵਲ ਕਥਨ ਮਿਲੇਗਾ। ਕਥਨ ਹਮੇਸ਼ਾ ਸੱਚ ਹੁੰਦਾ ਹੈ। ਦਲੀਲ ਚਲਾਕ ਹੋ ਸਕਦੀ ਹੈ, ਸੱਚ ਨਹੀਂ।
ਮੇਰੇ ਇਸ਼ਕ ਦੇ ਕਿੱਸਿਆਂ ਵਿਚੋਂ ਸਨਾਈ ਇਕ ਹੈ। ਜੇ ਚਾਹਾਂ ਤਾਂ ਵੀ ਉਸ ਬਾਰੇ ਵਧਾ ਚੜ੍ਹਾ ਕੇ ਗੱਲ ਨਹੀਂ ਕਰ ਸਕਦਾ। ਇਹ ਮੁਮਕਿਨ ਨਹੀਂ। ਸਨਾਈ ਸੂਫੀਵਾਦ ਦਾ ਤੱਤਸਾਰ ਹੈ।
ਤਸੱਵੁਫ ਵਾਸਤੇ ਅੰਗਰੇਜ਼ੀ ਦਾ ਲਫਜ਼ ਸੂਫਿਜ਼ਮ ਹੈ। ਤਸੱਵੁਫ ਮਾਇਨੇ ਖਰਾ ਇਸ਼ਕ। ਸੂਫ, ਉਨ ਤੋਂ ਬਣਿਆ, ਸੂਫੀ ਫਕੀਰ ਉਨੀ ਲਿਬਾਸ ਪਹਿਨਦੇ ਸਨ। ਸਫੈਦ ਲਿਬਾਸ ਉਪਰ ਸਨਾਈ ਕਾਲੀ ਟੋਪੀ ਪਹਿਨਦਾ, ਹਾਂ ਸਫੈਦ ਚੋਲਾ ਕਾਲੀ ਟੋਪੀ। ਕੋਈ ਕਾਰਨ ਨਹੀਂ ਕੋਈ ਦਲੀਲ ਨਹੀਂ, ਮੇਰੇ ਵਰਗਾ ਸੰਦਾਈ। ਕੀ ਕਰੀਏ, ਜਿਹੋ ਜਿਹੇ ਇਹ ਲੋਕ ਹਨ ਉਵੇਂ ਮਨਜ਼ੂਰ ਕਰਨੇ ਪੈਣਗੇ, ਚੰਗੇ ਲਗਣ ਚਾਹੇ ਬੁਰੇ। ਪਿਆਰ ਜਾਂ ਨਫਰਤ, ਵਿਚ ਵਿਚਾਲੇ ਵਾਸਤੇ ਇਹ ਕੁਝ ਨਹੀਂ ਛਡਦੇ। ਤੁਸੀਂ ਉਨ੍ਹਾਂ ਵਲ ਦੇ ਹੋ ਜਾਂ ਖਿਲਾਫ ਪਰ ਤੁਸੀਂ ਉਨ੍ਹਾਂ ਨੂੰ ਨਜ਼ਰੰਦਾਜ ਨਹੀਂ ਕਰ ਸਕਦੇ, ਬੇਨਿਆਜ਼ ਨਹੀਂ ਰਹਿ ਸਕਦੇ। ਫਕੀਰਾਂ ਦੀ ਕਰਨੀ ਇਹੋ ਹੁੰਦੀ ਹੈ। ਤੁਹਾਨੂੰ ਪਤਾ ਹੈ ਜਿਹੜਾ ਮੇਰੇ ਨੇੜੇ ਹੋਇਆ, ਜਾਂ ਮੇਰਾ ਮਿੱਤਰ ਹੋ ਗਿਆ ਜਾਂ ਵੈਰੀ। ਦੇਖੋ ਕਦੀ ਕਦਾਈਂ ਮੈਂ ਕਵਿਤਾ ਵੀ ਲਿਖ ਲੰਨਾ। ਸੰਦਾਈ ਸਭ ਕੁਝ ਕਰ ਸਕਦਾ ਹੈ।
ਦਲੀਲਾਂ ਵਿਸਾਰ ਕੇ ਸਨਾਈ ਵਾਕ ਬੋਲਦਾ ਹੈ। ਉਹ ਕਹਿੰਦੇ - ਇਸ ਤਰ੍ਹਾਂ ਹੈ ਬਸ। ਤੁਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ, ਜੇ ਕਹੋਗੇ ਕਿਉਂ? ਕਹੇਗਾ ਜਾਂਦੇ। ਬਕਵਾਸ ਬੰਦ। ਇਥੇ ਸਵਾਲ ਨਹੀਂ ਸੁਣੇ ਜਾਂਦੇ ।
ਤੁਸੀਂ ਗੁਲਾਬ ਦੇ ਫੁਲ ਨੂੰ ਕਦੀ ਕਿਹੈ- ਕਿਉਂ?
ਬਰਫ ਨੂੰ ਪੁੱਛਿਆ- ਕਿਉਂ?
ਤਾਰਿਆਂ ਨੂੰ ਪੁੱਛਿਆ- ਕਿਉਂ?
ਉਹ ਤਾਰਿਆਂ, ਫੁੱਲਾਂ, ਬਰਫਾਂ ਦਾ ਜਹਾਨ ਹਨ।
ਉਹ ਦਲੀਲਾਂ ਵਿਚ ਨਹੀਂ ਪੈਂਦੇ।