

ਨਾਲ ਇਸ਼ਾਰੇ ਕਰਦਾ ਜਿਵੇਂ ਮੈਂ ਬੋਲਦਾ ਹੋਇਆ ਕਰਿਆ ਕਰਦਾ ਹਾਂ। ਕੁਝ ਚੀਜ਼ਾਂ ਹੱਥਾਂ ਦੇ ਇਸ਼ਾਰਿਆਂ ਨਾਲ ਸਮਝਾਈਆਂ ਜਾਂਦੀਆਂ ਹਨ। ਮਿਹਰਬਾਬਾ ਨੇ ਸ਼ਬਦ ਤਿਆਗ ਦਿਤੇ ਪਰ ਇਸ਼ਾਰੇ ਨਹੀਂ ਤਿਆਗ ਸਕਿਆ। ਸਾਡੀ ਕਿਸਮਤ ਚੰਗੀ ਕਿ ਇਸ਼ਾਰੇ ਕਰਨੋ ਨਹੀਂ ਹਟਿਆ। ਨਜ਼ਦੀਕ ਰਹਿੰਦੇ ਚੇਲੇ ਉਸ ਦੇ ਇਸ਼ਾਰਿਆਂ ਤੋਂ ਸ਼ਬਦ ਬਣਾ ਕੇ ਲਿਖ ਲੈਂਦੇ। ਮਿਹਰਬਾਬਾ ਦੀ ਤੀਹ ਸਾਲ ਦੀ ਖਾਮੋਸ਼ੀ ਉਪਰੰਤ ਕਿਤਾਬ ਛਪੀ। ਉਸ ਦਾ ਟਾਈਟਲ ਅਜੀਬ ਹੀ ਹੋਣਾ ਸੀ। ਟਾਈਟਲ ਹੈ ਰੱਬ ਬੋਲਦਾ ਹੈ, GOD SPEAKS.
ਮਿਹਰਬਾਬਾ ਖਾਮੋਸ਼ ਜੀਵਿਆ ਖਾਮੋਸ਼ ਮਰਿਆ। ਉਹ ਕਦੀ ਦਾ ਬੋਲਿਆ, ਉਸ ਦੀ ਖਾਮੋਸ਼ੀ ਉਸ ਦਾ ਬਿਆਨ ਹੈ, ਸੁਨੇਹਾ ਹੈ, ਗੀਤ ਹੈ। ਇਸ ਕਿਤਾਬ ਦਾ ਸਿਰਲੇਖ ਰੱਬ ਬੋਲਦਾ ਹੈ, ਅਜੀਬ ਨਹੀਂ।
ਜੈੱਨ ਕਿਤਾਬ ਦਾ ਕਥਨ ਹੈ- ਫੁੱਲ ਬੋਲਦਾ ਨਹੀਂ। ਇਹ ਕਥਨ ਗਲਤ ਹੈ, ਉਕਾ ਗਲਤ। ਫੁੱਲ ਵੀ ਬੋਲਦਾ ਹੈ, ਹਾਂ ਅੰਗਰੇਜ਼ੀ ਨਹੀਂ ਬੋਲਦਾ, ਜਾਪਾਨੀ, ਸੰਸਕ੍ਰਿਤ ਨਹੀਂ ਬੋਲਦਾ। ਉਹ ਫੁੱਲਾਂ ਦੀ ਬੋਲੀ ਬੋਲਦਾ ਹੈ। ਆਪਣੀ ਸੁਗੰਧੀ ਰਾਹੀਂ ਬੋਲਦਾ ਹੈ। ਮੈਨੂੰ ਇਸ ਗੱਲ ਦਾ ਇਸ ਕਰਕੇ ਪਤਾ ਹੈ ਕਿਉਂਕਿ ਮੈਨੂੰ ਸੁਗੰਧੀ ਤੋਂ ਐਲਰਜ਼ੀ ਹੈ। ਮੈਂ ਫੁੱਲ ਦੇ ਬੋਲ ਮੀਲਾਂ ਦੂਰ ਤੋਂ ਸੁਣ ਲੈਂਦਾ ਹਾਂ। ਦੁਬਾਰਾ ਕਹਿੰਦਾ ਹਾਂ ਫੁਲ ਬੋਲਦਾ ਹੈ, ਆਪਣੀ ਬੋਲੀ ਬੋਲਦਾ ਹੈ। ਰੱਬ ਬੋਲਦਾ ਹੈ, ਤੁਹਾਨੂੰ ਸਿਰਲੇਖ ਜਿਵੇਂ ਮਰਜੀ ਲਗਦਾ ਹੋਵੇ, ਮਿਹਰਬਾਬਾ ਉਪਰ ਢੁਕਦਾ ਹੈ। ਬਾਬਾ ਮਿਹਰ ਬਿਨ ਬੋਲ ਬੋਲਿਆ।
ਦੇਵਗੀਤ ਗਿਣਤੀ ?
ਅੱਠ ਨੰਬਰ ਓਸ਼ੋ।
ਅਸੀਂ ਕਾਫੀ ਦੂਰ ਤੁਰ ਆਏ ਹਾਂ, ਥੋੜਾ ਸਬਰ ਹੋਰ।
ਅੱਠਵੀਂ ਕਿਤਾਬ ਅਜਨਬੀ ਹੈ। ਬਰਨਾਰਡ ਸ਼ਾਅ ਦੀ ਲਿਖੀ ਕਿਤਾਬ ਅਜਨਬੀ ਹੋਣੀ ਤਾਂ ਨਹੀਂ ਚਾਹੀਦੀ। ਕਿਤਾਬ ਦਾ ਨਾਮ ਹੈ ਇਨਕਲਾਬੀ ਲਈ ਨਿਯਮਾਵਲੀ MAXIMS FOR A REVOLUTIONARY. ਇਸ ਕਿਤਾਬ ਨੂੰ ਛਡ ਕੇ ਬਾਕੀ ਉਸ ਦੀਆਂ ਸਾਰੀਆਂ ਕਿਤਾਬਾਂ ਪ੍ਰਸਿਧ ਹਨ। ਮੇਰੇ ਵਰਗੇ ਸ਼ੌਦਾਈ ਦੀ ਨਜ਼ਰ ਇਸ ਕਿਤਾਬ ਉਤੇ ਪੈ ਸਕਦੀ ਹੈ। ਇਸ ਕਿਤਾਬ ਤੋਂ ਬਿਨਾ ਸ਼ਾਅ ਨੇ ਜੋ ਲਿਖਿਆ ਉਹ ਮੈਨੂੰ ਵਿਸਰ ਗਿਆ ਹੈ, ਉਹ ਸਾਰਾ ਕਚਰਾ ਹੈ, ਬਕਵਾਸ।
ਹਾਂ ਤਾਂ ਮੇਰੇ ਇਕ ਸਨਿਆਸੀ ਦਾ ਨਾਮ ਬੋਧੀਗਰਭ ਹੈ। ਗਰਭ ਮਾਇਨੇ ਪੇਟ ਵਿਚ ਬੱਚਾ। ਬੋਧੀ ਗਰਭ ਦਾ ਮਤਲਬ ਹੁੰਦੈ ਜਨਮ ਲੈਣ ਲਈ ਤਿਆਰ ਬੁੱਧ। ਕੁਝ ਬੰਦੇ ਉਸ ਨੂੰ ਬੋਧੀਗਾਰਬੇਜ ਕਹਿੰਦੇ ਹਨ, ਬੌਧੀ ਕਚਰਾ। ਮੈਨੂੰ ਇਹ ਨਾਮ ਵੀ ਚੰਗਾ ਲਗਦੈ। ਬੋਧੀ ਗਾਰਬੇਜ਼ ! ਜੇ ਤੁਹਾਨੂੰ ਨਿਰਵਾਣ ਪ੍ਰਾਪਤ ਹੋ ਜਾਵੇ ਤਾਂ ਬੌਧ ਕਚਰਾ ਵੀ ਪਵਿਤਰ ਬਣ ਜਾਂਦਾ ਹੈ ਨਹੀਂ ਤਾਂ ਫਿਰ ਹਰੇਕ ਚੀਜ਼ ਹੀ ਕਚਰਾ ਹੈ।