

ਅੱਜ ਦੂਜਾ ਨਾਮ ਅੰਖਰਟ ਹੈ। ਚੰਗਾ ਹੁੰਦਾ ਜੇ ਉਹ ਪੂਰਬ ਵਿਚ ਜੰਮਿਆਂ ਹੁੰਦਾ। ਜਰਮਨਾ ਵਿਚ ਜਨਮ ਲੈਣਾ ਤੇ ਫਿਰ ਅਨੰਤ ਹਸਤੀ ਬਾਰੇ ਆਖਣਾ ਲਿਖਣਾ ਮੁਸ਼ਕਲ ਕੰਮ ਹੈ। ਪਰ ਇਸ ਵਿਚਾਰੇ ਨੇ ਇਹ ਕੰਮ ਕਰ ਦਿੱਤਾ, ਕੀਤਾ ਵੀ ਪੂਰੀ ਨਿਪੁੰਨਤਾ ਨਾਲ। ਜਰਮਨ ਜਰਮਨ ਨੇ, ਜੋ ਵੀ ਕਰਨ ਨਿਪੁੰਨਤਾ ਨਾਲ ਕਰਦੇ ਨੇ। ਲਗਦੈ ਅੱਜ ਵੀ ਇਕ ਜਰਮਨ ਸਨਿਆਸੀ ਦਰਵਾਜੇ ਤੇ ਦਸਤਕ ਦੇ ਰਿਹੈ। ਨਿਪੁੰਨਤਾ! ਦੇਖੋ ਉਸ ਦੇ ਦਰਵਾਜਾ ਖੜਕਾਉਣ ਦੀ ਆਵਾਜ਼ ਵਿਚ ਵੀ ਨਿਪੁੰਨਤਾ ਦਿਖਾਈ ਦਿੰਦੀ ਹੈ। ਖਾਮੋਸ਼ੀ ਵਿਚਕਾਰ ਸੁੰਦਰ ਦਸਤਕ।
ਐਖਰਟ ਅਨਪੜ੍ਹ ਸੀ। ਹੈਰਾਨੀ ਹੈ ਕਿ ਬਹੁਤੇ ਪੁੱਜੇ ਹੋਏ ਬੰਦੇ ਅਨਪੜ੍ਹ ਹਨ। ਪੜ੍ਹਾਈ ਵਿਚ ਨੁਕਸ ਹੋਏਗਾ ਕੋਈ। ਬਹੁਤੇ ਅਨੁਭਵੀ ਬੰਦੇ ਪੜ੍ਹੇ ਲਿਖੇ ਕਿਉਂ ਨਹੀਂ? ਵਿਦਿਆ ਕਿਸੇ ਗੁਣ ਦਾ ਵਿਨਾਸ ਕਰਦੀ ਹੋਣੀ ਹੈ ਤਾਂ ਹੀ ਵਿਦਵਾਨ ਅਨੁਭਵ ਤੋਂ ਸੱਖਣੇ ਹਨ। ਸਹੀ ਹੈ, ਵਿਦਿਆ ਵਿਨਾਸਕਾਰੀ ਹੈ। ਕੱਚੀ ਜਮਾਤ ਤੋਂ ਲੈ ਕੇ ਮਾਸਟਰਜ਼ ਕੋਰਸ ਤੱਕ ਤੁਹਾਡੇ ਵਿਚ ਜੋ ਕੁਝ ਸੁਹਣਾ ਸੀ, ਸੌਂਦਰਯਮਈ ਸੀ ਪੱਚੀ ਸਾਲ ਤੱਕ ਵਿਦਿਆ ਉਸ ਨੂੰ ਖਤਮ ਕਰਦੀ ਰਹਿੰਦੀ ਹੈ। ਵਿਦਵਤਾ ਹੇਠਾਂ ਕੰਵਲ ਫੁੱਲ ਮਿਧਿਆ ਜਾਂਦਾ ਹੈ, ਅਖੌਤੀ ਪ੍ਰੋਫੈਸਰ, ਅਧਿਆਪਕ, ਵਾਈਸ ਚਾਂਸਲਰ, ਚਾਂਸਲਰ ਗੁਲਾਬ ਦਾ ਫੁੱਲ ਦਰੜ ਦਿੰਦੇ ਹਨ। ਇਨ੍ਹਾਂ ਦਰਿੰਦਿਆਂ ਨੇ ਆਪਣੇ ਰੁਤਬਿਆਂ ਦੇ ਕਿੰਨੇ ਸੁਹਣੇ ਨਾਮ ਰੱਖ ਲਏ ਹਨ।
ਅਸਲੀ ਵਿਦਿਆ ਅਜੇ ਸ਼ੁਰੂ ਨਹੀਂ ਹੋਈ। ਕਰਨੀ ਪੈਣੀ ਹੈ। ਸਿਰ ਦੀ ਨਹੀਂ, ਇਹ ਦਿਲ ਦੀ ਵਿਦਿਆ ਹੋਏਗੀ, ਤੁਹਾਡੇ ਅੰਦਰਲੀ ਇਸਤਰੀ ਵਾਲੀ ਵਿਦਿਆ, ਮਰਦਾਨੀ ਵਿਦਿਆ ਨਹੀਂ।
ਕਮਾਲ ਹੋਈ ਮਰਦਾਨਗੀ ਦੀ ਦਾਦਾਗਿਰੀ ਕਰਨ ਵਾਲੇ ਜਰਮਨਾ ਵਿਚ, ਐਖਰਟ ਦਿਲ ਵਿਚ ਰਹਿੰਦਾ ਰਿਹਾ, ਦਿਲੋਂ ਬੋਲਿਆ। ਅਨਪੜ੍ਹ, ਗਰੀਬ, ਕੋਈ ਸਿਆਸੀ ਸਹਾਰਾ ਨਹੀਂ, ਕੋਈ ਮਾਇਕ ਰੁਤਬਾ ਨਹੀਂ, ਯਾਨੀ ਕਿ ਕੁਝ ਵੀ ਨਹੀਂ - ਮਹਿਜ਼ ਇਕ ਮੰਗਤਾ ਪਰ ਏਨਾ ਅਮੀਰ ! ਇਹੋ ਜਿਹੇ ਧਨਵਾਨ ਬਹੁਤ ਥੋੜੇ ਲੋਕ ਨੇ। ਆਪਣੀ ਹੋਂਦ ਨਾਲ ਭਰਪੂਰ, ਪੂਰਨ ਅਮੀਰ।
ਇਹ ਦੋ ਲਫਜ਼ ਹੋਂਦ ਅਤੇ ਹਸਤੀ ਸਮਝਣੇ ਜਰੂਰੀ ਹਨ। ਹਸਤੀ ਇਕ ਪ੍ਰਕ੍ਰਿਆ ਹੈ ਜਿਸਦਾ ਨਾ ਆਦਿ ਹੈ ਨਾ ਅੰਤ, ਨਿਰੰਤਰਤਾ ਹੈ ਕੇਵਲ। ਹੋਂਦ ਪ੍ਰਕਿਰਿਆ ਬਿਲਕੁਲ ਨਹੀਂ, ਇਹ ਹੈ ਕੇਵਲ। ਹੋਂਦ ਹੈ, ਹੋਇਆ ਕਰਦੀ ਹੈ ਇਹ। ਸਮਝ ਗਏ ਹੋ ਤੁਸੀਂ।
ਹਸਤੀ ਨਾ ਸਮੇਂ ਵਿਚ ਹੁੰਦੀ ਹੈ ਨਾ ਸਥਾਨ ਵਿਚ, ਇਹ ਅਲੋਕਿਕ ਹੈ। ਅਲੌਕਿਕ,TRANSCENDENCE.ਗੂੜੀ ਸਿਆਹੀ ਨਾਲ ਲਿਖੋ। ਅਫਸੋਸ ਤੁਸੀਂ ਇਸ ਨੂੰ ਸੁਨਹਿਰੀ ਅੱਖਰਾਂ ਨਾਲ ਨਹੀਂ ਲਿਖ ਸਕਦੇ। ਇਹ ਹੈ ਇਕ ਸ਼ਬਦ ਜਿਹੜਾ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਣਾ ਬਣਦਾ ਹੈ, ਸ਼ੁੱਧ ਸੋਨੇ ਨਾਲ, ਅਠਾਰਾਂ ਕੈਰਟ ਦਾ ਨਹੀਂ ਚੌਵੀ ਕੈਰਟ ਦਾ, ਸੌ ਫੀਸਦੀ ਖਰਾ ਸੋਨਾ।