

ਅਜੀਬ ਹੈ, ਜਦੋਂ ਵੀ ਅਰਪਿਤ ਮੇਰੇ ਕਮਰੇ ਵਿਚ ਆਉਂਦੈ, ਮੈਨੂੰ ਲਗਦੈ ਬੋਹਮ ਆ ਗਿਆ। ਤੁਰਤ ਬੋਹਮ ਯਾਦ ਆ ਜਾਂਦੇ। ਦੋਹਾਂ ਵਿਚ ਸਾਂਝ ਹੈ ਇਕ। ਬੋਹਮ ਮੋਚੀ ਸੀ ਤੇ ਅਰਪਿਤ ਵੀ। ਤੂੰ ਕਿਸਮਤ ਵਾਲਾ ਹੈਂ ਅਰਪਿਤ ਜਿਹੜਾ ਬੋਹਮ ਨੂੰ ਯਾਦ ਕਰਵਾ ਦਿੰਨੈ। ਹੁਣ ਤੱਕ ਹੋਏ ਸਾਰੇ ਜਰਮਨਾ ਤੋਂ ਸੁਹਣਾ। ਉਹ ਵੀ ਬਹੁਤ ਗਰੀਬ ਸੀ। ਇਉਂ ਲਗਣ ਲਗ ਪਿਐ ਕਿ ਸਿਆਣਾ ਹੋਣ ਵਾਸਤੇ ਗਰੀਬ ਹੋਣਾ ਜਰੂਰੀ ਹੈ। ਹੁਣ ਤਕ ਆਪਾਂ ਇਹੋ ਦੇਖਦੇ ਆਏ ਹਾਂ। ਮੇਰੇ ਬਾਦ ਇਉਂ ਨਹੀਂ ਹੋਣ ਲੱਗਾ। ਮੇਰੇ ਪਿਛੋਂ ਸਿਆਣਾ ਹੋਣ ਵਾਸਤੇ ਅਮੀਰ ਹੋਣਾ ਪਿਆ ਕਰੇਗਾ। ਮੈਂ ਦੁਬਾਰਾ ਕਹਿੰਨਾ- ਅਨੁਭਵੀ ਹੋਣ ਵਾਸਤੇ ਅਗੇ ਤੋਂ ਤੁਹਾਨੂੰ ਅਮੀਰ ਹੋਣਾ ਪਏਗਾ।
ਈਸਾ ਕਹਿੰਦਾ ਹੈ ਅਮੀਰ ਰੱਬ ਦੇ ਦੇਸ ਵਿਚ ਦਾਖਲ ਨਹੀਂ ਹੋਣਗੇ। ਉਹ ਪੁਰਾਣੇ ਤਰੀਕੇ ਨਾਲ ਗੱਲ ਕਰ ਰਿਹਾ ਹੈ। ਮੈਂ ਪੂਰਨ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਰੱਬ ਦੇ ਦੇਸ ਵਿਚ ਦਾਖਲਾ ਕੇਵਲ ਅਮੀਰਾਂ ਨੂੰ ਮਿਲੇਗਾ। ਯਾਦ ਰੱਖਿਓ ਮੈਂ ਉਹੀ ਗੱਲ ਕਰ ਰਿਹਾਂ ਜੋ ਈਸਾ ਮਸੀਹ ਨੇ ਕੀਤੀ, ਦੋਹਾਂ ਵਿਚ ਕੋਈ ਵਿਰੋਧ ਨਹੀਂ। ਈਸਾ ਦੇ ਸ਼ਬਦ ਗਰੀਬ ਅਤੇ ਮੇਰੇ ਸ਼ਬਦ ਅਮੀਰ ਦਾ ਅਰਥ ਇਕੋ ਹੈ। ਈਸਾ ਉਸ ਨੂੰ ਗਰੀਬ ਕਹਿੰਦਾ ਹੈ ਜਿਹੜਾ ਆਪਣਾ ਆਪ ਗੁਆ ਲਏ, ਹੰਕਾਰ ਤੋਂ ਮੁਕਤ ਹੋ ਜਾਏ। ਮੈਂ ਉਸ ਨੂੰ ਅਮੀਰ ਕਹਿਨਾ। ਹਊਮੈ ਮੁਕਤ ਬੰਦਾ ਸਭ ਤੋਂ ਅਮੀਰ ਹੁੰਦਾ ਹੈ। ਪਰ ਭੂਤਕਾਲ ਵਿਚ ਪੱਛਮ ਵਿਚ ਬੋਹਮ ਵਰਗਾ ਬੰਦਾ ਅਮੀਰ ਘਰ ਵਿਚ ਪੈਦਾ ਨਹੀਂ ਹੁੰਦਾ ਸੀ।
ਪੂਰਬ ਵਿਚ ਅਜਿਹਾ ਨਹੀਂ। ਬੁੱਧ ਰਾਜਕੁਮਾਰ ਸੀ, ਮਹਾਂਵੀਰ ਰਾਜਕੁਮਾਰ, ਜੈਨੀਆਂ ਦੇ 24 ਤੀਰਥਾਂਕਰ ਰਾਜੇ ਸਨ। ਕ੍ਰਿਸ਼ਨ ਰਾਜਾ ਸੀ, ਰਾਮ ਰਾਜਾ ਸੀ। ਸਾਰੇ ਅਮੀਰ ਸਨ, ਪੂਰੇ ਧਨਾਡ। ਇਸ ਦਾ ਕੁਝ ਮਤਲਬ ਹੈ। ਜਿਸ ਅਮੀਰੀ ਦੀ ਮੈਂ ਗੱਲ ਕਰ ਰਿਹਾਂ ਉਹ ਜਾਣੋ। ਹੰਕਾਰ ਤੋਂ ਮੁਕਤ ਬੰਦਾ ਧਨਾਡ ਹੈ। ਜਦੋਂ ਉਹ ਨਹੀਂ ਹੈ, ਉਦੋਂ ਹੈ।
ਬੌਹਮ ਨੇ ਥੋੜੀਆਂ ਗੱਲਾਂ ਕੀਤੀਆਂ, ਬਹੁਤ ਘੱਟ। ਬਹੁਤੀਆਂ ਗੱਲਾਂ ਨਹੀਂ ਕਰ ਸਕਿਆ। ਘਬਰਾਉ ਨਾ। ਇਕ ਗਲ ਦਾ ਜ਼ਿਕਰ ਕਰਦਿਆਂ ਜੋ ਯਾਦ ਰਖਣ ਯੋਗ ਹੈ : ਦਿਲ ਰੱਬ ਦਾ ਘਰ ਹੈ। ਹਾਂ ਬੋਹਮ ! ਦਿਲਾ ਦਿਮਾਗ ਬਿਲਕੁਲ ਨਹੀਂ।
ਚੌਥਾ ਬੰਦਾ ਹੈ ਇਦਰੀਸ ਸ਼ਾਹ। ਮੈਂ ਉਸ ਦੀ ਕਿਸੇ ਕਿਤਾਬ ਦਾ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਸਾਰੀਆਂ ਸੁਹਣੀਆਂ ਹਨ। ਮੇਰੇ ਆਖੇ ਲਗ ਕੇ ਸਾਰੀਆਂ ਪੜ੍ਹੋ।
ਡਰੋ ਨਾਂ। ਅਜੇ ਮੈਂ ਜ਼ੈਦਾਈ ਹਾਂ। ਕੋਈ ਮੇਰਾ ਕੱਖ ਨਹੀਂ ਸੰਵਾਰ ਸਕਦਾ। ਇਹ ਕਿਤਾਬ ਇਦਰੀਸ ਦੀਆਂ ਸਾਰੀਆਂ ਕਿਤਾਬਾਂ ਤੋਂ ਉਪਰ ਹੈ। ਸਾਰੀਆਂ ਵਧੀਆ ਨੇ ਤਾਂ ਵੀ ਇਕ ਕਿਤਾਬ ਹੈ ਸੂਫੀ, THE SUFIS, ਜੋ ਹੀਰਾ ਹੈ। ਜੋ ਕੁਝ ਉਹ ਸੂਫੀ ਵਿਚ ਕਹਿ ਗਿਆ ਅਮੁੱਲ ਹੈ।