

ਬਹੁਤ ਨੇੜੇ ਪੁੱਜਿਆ ਪਰ ਈਸਾਈ ਗੁੱਸੇ ਵਿਚ ਆ ਗਏ ਕਿਉਂਕਿ ਉਸ ਨੇ ਈਸਾ ਨੂੰ ਮਨੁਖ ਦਾ ਬੇਟਾ ਕਹਿ ਦਿੱਤਾ। ਮੈਨੂੰ ਇਹ ਕਿਤਾਬ ਪਸੰਦ ਹੈ।
ਵਖ ਵਖ ਲੋਕਾਂ ਵਲੋਂ ਈਸਾ ਮਸੀਹ ਦੀਆਂ ਸੁਣੀਆਂ ਹੋਈਆਂ ਸਾਖੀਆਂ ਹਨ ਇਸ ਕਿਤਾਬ ਵਿਚ; ਮਜ਼ਦੂਰ, ਕਿਸਾਨ, ਮਛੇਰਾ, ਅਫਸਰ, ਹਾਂ ਟੈਕਸ ਕੁਲੈਕਟਰ, ਆਦਮੀ, ਔਰਤ, ਸਭ ਕਿਸਮ ਦੇ ਬੰਦੇ। ਇਉਂ ਲਗਦਾ ਹੈ ਜਿਵੇਂ ਖਲੀਲ ਲੋਕਾਂ ਨੂੰ ਪੁਛਦਾ ਫਿਰਦਾ ਹੋਵੇ ਤੁਹਾਡੇ ਈਸਾ ਦੀ ਸਾਖੀ ਸੁਣਾਉ, ਅਸਲ ਈਸਾ ਦੀ, ਈਸਾਈਆਂ ਦੇ ਈਸਾ ਦੀ ਨਹੀਂ, ਲਹੂ ਮਾਸ ਵਾਲੇ ਅਸਲ ਈਸਾ ਦੀ। ਸਾਖੀਆਂ ਕਮਾਲ ਹਨ। ਹਰੇਕ ਸਾਖੀ ਬੰਦਗੀ ਹੈ। ਅੱਜ ਮੇਰੀ ਨੌਵੀ ਕਿਤਾਬ ਈਸਾ, ਮਨੁਖ ਦਾ ਬੇਟਾ ਹੈ।
ਦਸਵੀਂ। ਦਸਵੀਂ ਵੀ ਖਲੀਲ ਜਿਬਰਾਨ ਦੀ ਹੀ ਕਿਤਾਬ, ਪਾਗਲ, THE MAD MAN. ਮੈਂ ਇਸ ਕਿਤਾਬ ਨੂੰ ਲਿਸਤੋਂ ਬਾਹਰ ਰਖਣਾ ਚਾਹੁੰਦਾ ਸੀ, ਨਹੀਂ ਰੱਖ ਸਕਿਆ। ਪਾਗਲ ਬੰਦੇ ਅੰਦਰਲੀਆਂ ਤਹਿਆਂ ਉਹ ਕਿਸ ਮਹਾਰਤ, ਕਿਨ੍ਹਾਂ ਅਰਥਾਂ ਨਾਲ ਪੇਸ਼ ਕਰਦਾ ਹੈ, ਕਮਾਲ। ਇਹ ਪਾਗਲ ਕੋਈ ਆਮ ਪਾਗਲ ਨਹੀਂ, ਬੁੱਧ, ਰਿਨਜ਼ੇ, ਕਬੀਰ ਹੈ। ਹੈਰਾਨੀ ਹੁੰਦੀ ਹੈ ਖਲੀਲ ਜਿਬਰਾਨ ਇਹ ਕੰਮ ਕਿਵੇਂ ਕਰ ਗਿਆ। ਖੁਦ ਉਹ ਪਾਗਲ ਨਹੀਂ ਸੀ, ਅਨੁਭਵੀ ਬੰਦਾ ਨਹੀਂ ਸੀ। ਸੀਰੀਆ ਵਿਚ ਜੰਮਿਆਂ ਬਦਕਿਸਮਤੀ ਨਾਲ ਅਮਰੀਕਾ ਵਿਚ ਜਾ ਵਸਿਆ।
ਪਰ ਅਜੂਬੇ ਹੀ ਅਜੂਬੇ ਹਨ, ਸਵਾਲ ਹਨ ਜਿਨ੍ਹਾਂ ਦੇ ਜਵਾਬ ਨਹੀਂ। ਕਿਵੇਂ ਕਰ ਗਿਆ ਉਹ ਇਹ ਸਭ ਕੁਝ? ਸ਼ਾਇਦ ਉਸਨੇ ਆਪ ਕੁਝ ਨਹੀਂ ਕੀਤਾ ਕਿਸੇ ਹੋਰ ਨੇ ਕਰਵਾਇਆ, ਜਿਸ ਨੂੰ ਸੂਫੀ ਖਿਜ਼ਰ ਆਖਦੇ ਹਨ, ਖਿਜ਼ਰ ਆ ਗਿਆ ਖਲੀਲ ਵਿਚ। ਖਿਜ਼ਰ ਦੀ ਰੂਹ ਹਰ ਵਕਤ ਨਹੀਂ ਰਹਿੰਦੀ ਸੀ ਖਲੀਲ ਵਿਚ। ਜਦੋਂ ਉਹ ਨਾ ਲਿਖਦਾ ਉਦੋਂ ਆਮ ਜਿਹਾ ਬੰਦਾ ਹੁੰਦਾ, ਆਮ ਨਾਲੋਂ ਵੀ ਆਮ। ਈਰਖਾਲੂ, ਕਰੋਧੀ, ਹਰ ਤਰ੍ਹਾਂ ਦੀਆਂ ਹਵਸਾਂ ਦਾ ਮਾਰਿਆ। ਪਰ ਜਦੋਂ ਉਸ ਵਿਚ ਖਿਜ਼ਰ ਪ੍ਰਵੇਸ਼ ਕਰ ਜਾਂਦਾ, ਉਪਰੋਂ ਆ ਉਤਰਦਾ ਫਿਰ ਪੇਂਟਿੰਗ, ਸ਼ਾਇਰੀ, ਸਾਖੀਆਂ, ਬਸ ਚੱਲ ਸੋ ਚੱਲ।